ਰਵਿੰਦਰ ਰਵੀ ਦੀ “ਕੰਪਿਊਟਰ ਕਲਚਰ”: ਮੇਰੀ ਨਜ਼ਰ ਵਿਚ: ਡਾ. ਹਰਿਭਜਨ ਸਿੰਘ
ਕੈਨੇਡਾ ਪੰਜਾਬੀਆਂ ਲਈ ਸੁਫਨੇ ਦਾ ਦੇਸ਼ ਹੈ! ਰੋਜ਼ੀ ਰੋਟੀ ਦੀ ਤਲਾਸ਼ ਵਿਚ ਬਹੁਤ ਸਾਰੇ ਪੰਜਾਬੀ ਉੱਥੇ ਗਏ ਤੇ ਉੱਥੋਂ ਦੇ ਹੀ ਹੋ ਕੇ ਰਹਿ ਗਏ! ਉੱਥੇ ਜਾ ਵੱਸੇ ਪੰਜਾਬੀਆਂ ਦੀ ਦੂਜੀ ਤੀਜੀ ਪੀੜ੍ਹੀ ਤਾਂ ਉਸ ਦੇਸ਼ ਦੀ ਰਹਿਣੀ ਬਹਿਣੀ ਵਿਚ ਰਚ ਮਿਚ ਗਈ ਹੈ! ਪੰਜਾਬ ਨਾਲ ਉਨ੍ਹਾਂ ਦਾ ਰਿਸ਼ਤਾ ਹੋਇਆ ਨਾ ਹੋਇਆ, ਇਕ ਬਰਾਬਰ ਹੈ! ਪਰ ਪਹਿਲੀ ਪੀੜ੍ਹੀ ਦੇ ਅਵਾਸੀਆਂ ਨੂੰ ਪੰਜਾਬ ਬਰਾਬਰ ਸੈਣਤਾਂ ਕਰਦਾ ਰਹਿੰਦਾ ਹੈ! ਪੰਜਾਬ ਦੀ ਬੋਲੀ, ਰੀਤ ਰਿਵਾਜ ‘ਚ ਪਲੇ ਹੋਣ ਕਰਕੇ, ਉਹ ਪੰਜਾਬ ਮੁੜਨ ਦੀ ਆਸ ਬਣਾਈ ਰੱਖਦੇ ਹਨ! ਉਹ ਮੁੜ ਤਾਂ ਨਹੀਂ ਸਕਦੇ ਪਰ ਪੰਜਾਬੀ ਬੋਲੀ, ਧਰਮ, ਲੋਕ-ਸਾਹਿਤ ਆਦਿ ਰਾਹੀਂ ਉਹ ਪੰਜਾਬ ਨਾਲ ਜੁੜੇ ਰਹਿਣ ਦਾ ਭਰਮ ਪਾਲਦੇ ਰਹਿੰਦੇ ਹਨ!
ਅਜਿਹੇ ਭਰਮ-ਪਾਲਕਾਂ ਵਿਚ ਕੁਝ ਪੰਜਾਬੀ ਸਾਹਿਤਕਾਰ ਹਨ! ਇਹਨਾਂ ਵਿੱਚੋਂ ਕੁਝ ਤਾਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਸਾਹਿਤਕਾਰੀ ਦੇ ਰਾਹ ਪਏ ਹੋਏ ਸਨ ਤੇ ਕੁਝ ਨੇ ਦੂਜਿਆਂ ਦੀ ਵੇਖਾ ਵੇਖੀ, ਹੇਰਵੇ ਦੇ ਦਬਾਅ ਹੇਠ, ਜਾਂ ਪਰਦੇਸੀ ਇਕੱਲਤਾ ਦਾ ਮੁਕਾਬਲਾ ਕਰਨ ਲਈ ਸਾਹਿਤਕਾਰੀ ਦਾ ਰਾਹ ਅਪਣਾਇਆ!
ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵਿਚ ਸਿਰਕੱਢ ਹੋਂਦ ਰਵਿੰਦਰ ਰਵੀ ਦੀ ਹੈ!ਉਹਨੇ ਏਨੀਆਂ ਕਿਤਾਬਾਂ ਲਿਖੀਆਂ ਹਨ ਕਿ ਉਹਨਾਂ ਦੇ ਨਾਂ ਗਿਨਵਾਉਣ ਲਈ ਵੀ ਵੱਡਾ ਹਾਫਜ਼ਾ ਤੇ ਲੰਮਾਂ ਸਾਹ ਦਰਕਾਰ ਹੈ! ਉਹਨੇ ਕਵਿਤਾ, ਕਹਾਣੀ, ਨਾਟਕ, ਸਮੀਖਿਆ, ਸਫਰਨਾਮਾਂ ਆਦਿ ਕਈ ਸਿਨਫਾਂ ਨੂੰ ਹੱਥ ਪਾਇਆ ਹੈ!
ਹੁਣੇ, ਹੁਣੇ “ਕੰਪਿਊਟਰ ਕਲਚਰ” ਨਾਂ ਦੀ ਰਚਨਾ ਪੇਸ਼ ਕੀਤੀ ਹੈ ਜਿਸ ਵਿਚ ਕਹਾਣੀਆਂ ਵੀ ਹਨ ਤੇ ਕਵਿਤਾਵਾਂ ਵੀ! ਆਪਣੀ ਰਚਨਾ ਬਾਰੇ ਕੁਝ ਸਵੈ-ਕਥਨ ਹਨ ਤੇ ਇਕ ਅੱਧ ਰੇਖਾ-ਚਿਤਰ ਵਰਗੀ ਸ਼ੈਅ ਵੀ! ਆਪਣੇ ਸੰਬੰਧੀ ਦੂਜਿਆਂ ਦੇ ਕਥਨ ਵੀ ਉਹਨੇ ਖਾਸੀ ਫਰਾਖਦਿਲੀ ਨਾਲ ਸ਼ਾਮਿਲ ਕੀਤੇ ਹਨ! ਇਸ ਕਿਤਾਬ ਉੱਪਰ ਤਰਦੀ ਜਿਹੀ ਨਜ਼ਰ ਮਾਰਨ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਲੇਖਕ ਨੇ ਪੰਜਾਬੀ ਸਾਹਿਤਕਾਰਾਂ ਨਾਲ ਬੜਾ ਨਿੱਘਾ ਰਿਸ਼ਤਾ ਪਾ ਰੱਖਿਆ ਹੈ!
ਨਿਵੇਕਲੇ ਮੁਹਾਂਦਰੇ ਦੇ ਬਾਵਜੂਦ ਉਹ ਆਪਣੀ ਲਿਖਤ ਨੂੰ ਪਰਵਾਨ ਪੰਜਾਬੀ ਪਰੰਪਰਾ ਵਿਚ ਟਿਕਾਈ ਰੱਖਣਾ ਚਾਹੁੰਦਾ ਹੈ! ਪੱਛਮੀਂ ਇਸ਼ਤਿਹਾਰੀ ਕਲਚਰ ਨੇ ਉਹਨੂੰ ਬਹੁਤ ਦੂਰ ਤਕ ਪ੍ਰਭਾਵਿਤ ਕੀਤਾ ਹੈ! ਉਹ ਆਪਣੇ ਜਨਮ, ਪਰਿਵਾਰ, ਵਿੱਦਿਆ, ਪਿੰਡ, ਇਨਾਮ, ਕੰਮ ਕਿੱਤੇ, ਸੈਰ ਸਪਾਟੇ, ਮੁਆਸ਼ਕੇ ਆਦਿ ਬਾਰੇ ਨਿਰਸੰਕੋਚ ਸੂਚਨਾ ਦੇਂਦਾ ਹੈ! ਇਸ ਪੁਸਤਕ ਨੂੰ ਪੜ੍ਹ ਕੇ ਜਿੰਨਾਂ ਆਨੰਦ ਰਵਿੰਦਰ ਰਵੀ ਦੀ ਸਾਹਿਤਕਾਰੀ ਸੰਬੰਧੀ ਮਿਲਦਾ ਹੈ, ਓਨਾ ਹੀ ਉਸ ਦੀ ਆਪਾ-ਵਿਖਾਊ ਸ਼ਖਸੀਅਤ ਬਾਰੇ! ਉਹ ਪ੍ਰਮਾਣਿਕ ਪੰਜਾਬੀ ਹੈ, ਜੋ ਲੀਕ ਤੋਂ ਹਟਵੀਂ ਕੋਈ ਸ਼ੈ ਕਰਦਾ ਹੈ ਅਤੇ ਨਿਸ਼ੰਗ ਹੋ ਕੇ ਉਸਦਾ ਵਿਖਾਲਾ ਕਰਦਾ ਹੈ!
ਰਵਿੰਦਰ ਰਵੀ ਆਪਣੇ ਅਤੇ ਆਪਣੇ ਪਿਤਾ ਵਿਚਕਾਰ ਸਮਝੌਤੇ ਦੀ ਇਤਲਾਹ ਦਿੰਦੇ ਹੋਏ ਕਹਿੰਦਾ ਹੈ:
“ਤੂੰ ਸਾਡੇ ਪਾਸੋਂ ਕਹਿਣ ਟੋਕਣ ਦਾ ਅਧਿਕਾਰ ਨਾਂ ਖੋਹ, ਪਰ ਕਰ ਜੋ ਮਰਜ਼ੀ!”
ਇਹ ਸਮਝੌਤਾ ਸੀ ਪਰੰਪਰਕ ਪਿਤਾ ਅਤੇ ਪ੍ਰਯੋਗਸ਼ੀਲ ਪੁੱਤਰ ਵਿਚਕਾਰ!
ਇਸੇ ਤਰ੍ਹਾਂ ਦਾ ਸਮਝੌਤਾ ਇਸ ਰਚਨਾਂ ਦੇ ਆਰ ਪਾਰ ਫੈਲਿਆ ਹੋਇਆ ਹੈ! ਪਿਓ ਪੁੱਤਰ ਦੀ ਜੈਨਰੇਸ਼ਨ ਗੈਪ ਵਰਗਾ ਹੀ ਫਾਸਲਾ ਹੈ ਪੰਜਾਬ ਤੇ ਕੈਨੇਡਾ ਵਿਚਕਾਰ! ਕੁਝ ਗੱਲਾਂ ਰਵਿੰਦਰ ਰਵੀ ਪਰੰਪਰਕ ਪੰਜਾਬ ਦੀਆਂ ਸੁਣਦਾ ਹੈ, ਪਰ ਕਰਦਾ ਉਹ ਕੰਪਿਊਟਰ ਕਲਚਰ ਵਰਗੀਆਂ ਹੈ! ਕੈਨੇਡਾ ਤੇ ਪੰਜਾਬ ਦੀ ਦੋਪਾਸੀ ਤੱਕ ਨੇ ਰਵਿੰਦਰ ਰਵੀ ਦੀ ਸੋਚ ਨੂੰ ਅੱਧ ਵਿਚਕਾਰੋਂ ਚੀਰਿਆ ਹੋਇਆ ਹੈ! ਉਹਦੇ ਵਿਚ ਪਰੰਪਰਕ ਪਿਤਾ ਤੇ ਪ੍ਰਯੋਗੀ ਪੁੱਤਰ ਦੋਵੇਂ ਅੱਡੋ-ਅੱਡਰੇ ਪਛਾਣੇ ਜਾ ਸਕਦੇ ਹਨ! “ਤਾਰਿਆਂ ਵਾਲਾ ਦੇਸ਼” ਤੇ “ਕੰਪਿਊਟਰ ਕਲਚਰ” ਵਾਲੇ ਦੇਸ਼, ਦੋਹਾਂ ਦੀਆਂ ਆਪੋ-ਆਪਣੀਆਂ ਖਿੱਚਾਂ ਹਨ, ਜਿਨ੍ਹਾਂ ਵਿੱਚੋਂ ਕਿਸੇ ਤੋਂ ਵੀ ਉਹ ਆਪਣਾ ਪਿੱਛਾ ਨਹੀਂ ਛੁਡਾ ਸਕਿਆ! ਸ਼ੁਫਨੇ ਦੇ ਦੇਸ਼ ਕੈਨੇਡਾ ਵਿਚ ਪਹੁੰਚ ਕੇ, ਉਹਦੇ ਪਾਤਰ ਪੰਜਾਬ ਵਲ ਮੁੜਨਾਂ ਚਾਹੁੰਦੇ ਹਨ! ਕੈਨੇਡਾ ਪਹੁੰਚਿਆ ਕੋਈ ਗੁਰਦੀਪ ਹੈ ਜਿਸ ਦਾ ਪੰਜਾਬ ਦੀ ਕਿਸੇ ਕੁੜੀ ਨਾਲ ਇਸ਼ਕ ਸੀ! ਰੁਜ਼ਗਾਰ ਦੀ ਖਾਤਰ ਉਹ ਕੈਨੇਡਾ ਗਿਆ ਸੀ! ਪਰ ਇਸ਼ਕ ਦੀ ਖਾਤਰ ਉਹ ਮੁੜ ਪੰਜਾਬ ਆਉਂਦਾ ਹੈ! ਆਸ਼ਿਕੀ ਤੋਂ ਰੋਜ਼ਗਾਰ ਵੱਲ ਤੇ ਰੋਜ਼ਗਾਰ ਤੋਂ ਮੁੜ ਆਸ਼ਿਕੀ ਵੱਲ, ਇਹ ਹੈ ਗੁਰਦੀਪ ਦੀ ਦੇਸ਼-ਪਰਦੇਸ਼ ਯਾਤਰਾ!
“ਕਹੀਂ ਭੀ ਅਪਨਾ ਠਿਕਾਨਾ ਨਹੀਂ ਜ਼ਮਾਨੇ ਮੇਂ,
ਨਾਂ ਆਸ਼ੀਆਨੇ ਕੇ ਬਾਹਰ, ਨਾ ਆਸ਼ੀਆਨੇ ਮੇਂ”
ਕੁੱਝ ਦੁੱਖ ਇਸ ਤੋਂ ਵਧੇਰੇ ਗੁੰਝਲਦਾਰ ਹਨ! ਕੈਨੇਡਾ ਪਹੁੰਚਕੇ ਮੱਖਣ ਸਿੰਘ ਕਰੜੀ ਮਿਹਨਤ ਬਾਅਦ ਆਪਣਾ ਘਰ-ਪਰਿਵਾਰ ਕੈਨੇਡਾ ਬੁਲਾ ਲੈਂਦਾ ਹੈ! ਰਤਾ ਕੁ ਸੁਖਾਲਾ ਹੋਣ ਲੱਗਾ ਤਾਂ ਬੇਕਾਰੀ ਵੱਸ ਮੁੜ ਪਰਿਵਾਰ ਦੇ ਜੀਆਂ ਨੂੰ ਭਾਰਤ ਭੇਜਣ ‘ਤੇ ਮਜਬੂਰ ਹੋ ਗਿਆ! ਕੀ ਉਹ ਮੁੜ ਪਰਿਵਾਰ ਨੂੰ ਬੁਲਾ ਸਕੇਗਾ? ਕੀ ਮੁੜ ਕੈਨੇਡਾ ਆਏ ਪਰਿਵਾਰ ਨੂੰ ਦੋਬਾਰਾ ਭਾਰਤ ਜਾਣਾ ਪਵੇਗਾ? ਮੱਖਣ ਸਿੰਘ ਦਾ ਤ੍ਰੇੜਿਆ ਹੋਇਆ ਪਰਿਵਾਰ ਕੈਨੇਡੀਅਨ ਪੰਜਾਬੀਆਂ ਦੀ ਤ੍ਰੇੜੀ ਹੋਈ ਵਾਸਤਵਿਕਤਾ ਅਤੇ ਮਾਨਸਿਕਤਾ ਦੀ ਗਵਾਹੀ ਦਿੰਦਾ ਹੈ!
ਇਸ ਤ੍ਰੇੜ ਨੂੰ ਪੂਰਨ ਦੇ ਵੀ ਰਾਹ ਹਨ! ਕੈਨੇਡਾ ਵਿਚ ਸਿਰਫ ਪੰਜਾਬੀ ਮਿਲਖਾ ਸਿੰਘ ਹੀ ਨਹੀਂ ਰਹਿੰਦਾ, ਯੂਰਪੀ ਮੂਲ ਵਾਲਾ ਜਾਨ ਬਿਕਸੋ ਵੀ ਹੈ! ਬੇਕਾਰ ਸਿਰਫ ਪੰਜਾਬੀ ਹੀ ਨਹੀਂ, ਗ਼ੈਰ-ਪੰਜਾਬੀ ਵੀ ਹਨ! ਮਿਲਖਾ ਸਿੰਘ ਤੇ ਜਾਨ ਬਿਕਸੋ ਦੀ ਕਹਾਣੀ ਵਾਪਰੀ ਭਾਵੇਂ ਕੈਨੇਡਾ ਵਿਚ ਹੈ, ਪਰ ਉਹਦੀ ਸੋਚ ਤੇ ਅਹਿਸਾਸ ਭਾਰਤ ਵਰਗੇ ਹਨ! ਦੋ ਯਾਰ ਇੱਕੋ ਲੱਕੜ ਮਿੱਲ ਵਿਚ ਇੱਕੋ ਜਿਹੇ ਮਜ਼ਦੂਰ-ਪੇਸ਼ਾ ਹਨ! ਇਕ ਨੂੰ ਮਾੜੀ ਜਿਹੀ ਤਰੱਕੀ ਮਿਲ ਗਈ ਤਾਂ ਦੂਜਾ ਤੜਿੰਗ ਹੋ ਗਿਆ! ਦੋਂਹਾਂ ਵਿਚਕਾਰ ਵੈਰ ਵਿਰੋਧ ਦੀ ਦੀਵਾਰ ਉੱਸਰ ਗਈ! ਖੁਸ਼ੀਆਂ ਵਿਚ ਚਹਿਕਦੇ ਦੋਸਤਾਂ ਨੂੰ ਖਾਮੋਸ਼ੀ ਦਾ ਸੋਕਾ ਮਾਰ ਗਿਆ! ਪਰ ਬੇਕਾਰੀ ਨੇ ਦੋਂਹਾਂ ਦੇ ਵਲ ਕੱਢ ਦਿੱਤੇ! ਕ੍ਰਿਸ਼ਚੀਅਨ ਚਰਚ ਨੇ ਬੇਕਾਰੀ ਦੇ ਮਾਰੇ ਲੋਕਾਂ ਲਈ ਫੂਡ-ਬੈਂਕ ਤੇ ਸੂਪ-ਕਿਚਨ ਖੋਲ੍ਹ ਦਿੱਤੇ! ਕ੍ਰਿਸ਼ਚੀਅਨ ਜਾਨ, ਸਿੱਖ ਮਿਲਖੇ ਨੂੰ ਉੱਥੇ ਆਪਣੇ ਨਾਲ ਲੈ ਗਿਆ! ਬੇਕਾਰੀ ਵਿਚ ਧਰਮਾਂ ਦੀ ਵਿੱਥ ਮਿਟ ਗਈ! ਪਰੰਪਰਕ ਅੰਦਾਜ਼ ਵਿਚ ਲਿਖੀ ਇਹ ਪਰੰਪਰਕ ਭਾਰਤੀ ਪੰਜਾਬੀ ਰਹਿਣੀ-ਬਹਿਣੀ ਦੀ ਹੀ ਤਸਵੀਰ ਹੈ!
“ਸ਼ਹੀਦ ਦੀ ਮਾਂ” ਤਾਂ ਹੈ ਹੀ ਪੰਜਾਬੀ ਭੋਇੰ ਦੀ ਕਹਾਣੀ! ਪੁੱਤਰ ਦੇ ਸ਼ਹੀਦ ਹੋ ਜਾਣ ਬਾਅਦ ਵਿਧਵਾ ਮਾਂ ਆਪ, ਆਪਣੇ ਰੰਡੂਏ ਜੇਠ ਦਾ ਗਰਭ ਧਾਰਨ ਕਰਦੀ ਹੈ ਅਤੇ ਉਹਨੂੰ ਸ਼ਹੀਦੀ ਦੇ ਰਾਹ ਤੁਰਨ ਲਈ ਪ੍ਰੇਰਦੀ ਹੈ! ਮਾਹੌਲ, ਮੁਆਸ਼ਰੇ, ਸੋਚ, ਭਾਵ-ਬੁਣਤੀ, ਇਤਿਹਾਸ ਆਦਿ ਦੀ ਦ੍ਰਿਸ਼ਟੀ ਤੋਂ ਇਹ ਪੰਜਾਬੀ ਪਰੰਪਰਾ ਦਾ ਪ੍ਰਮਾਣਿਕ ਟੁਕੜਾ ਹੈ! ਹਜ਼ਾਰਾਂ ਮੀਲ ‘ਤੇ ਬੈਠਾ ਅਘਰਵਾਸੀ ਰਵਿੰਦਰ ਰਵੀ ਆਪਣੇ ਜੱਦੀ ਘਰ ਲਈ ਮੋਹ ਪਾਲ ਰਿਹਾ ਹੈ! ਇਹੋ ਇਸ ਕਹਾਣੀ ਦਾ ਅਣਕਿਹਾ ਪਰ ਸਪਸ਼ਟ ਸੁਨੇਹਾ ਹੈ!
ਯਕੀਨਨ ਇਸ ਵਿਚ ਪੰਜਾਬੀ ਆਦਿਮਤਾ ਤੋਂ ਦੂਰ ਪੱਛਮੀਂ ਆਧੁਨਿਕਤਾ ਦੀਆਂ ਕਹਾਣੀਆਂ ਵੀ ਹਨ! ਇਹੋ ਜਿਹੀ ਹੀ ਕਹਾਣੀ ਹੈ “ਕੰਪਿਊਟਰ ਕਲਚਰ”, ਜਿਸ ਨੇ ਪੰਜਾਬੀ ਕੈਨੇਡੀਅਨ ਦੇ ਪਰਿਵਾਰ ਨੂੰ ਅੱਡਰੇ ਅਤੇ ਆਜ਼ਾਦ ਵਿਅਕਤੀਆਂ ਵਿਚ ਵੰਡ ਦਿੱਤਾ ਹੈ! ਪਰਿਵਾਰ ਦੀਆਂ ਇਕਾਈਆਂ ਹਨ, ਪਰਿਵਾਰ ਕੋਈ ਨਹੀਂ! ਪੁੱਤਰ ਮਾਂ ਨੂੰ ਸਮਝਾਂਉਂਦਾ ਹੈ ਕਿ ਪਿਓ ਦੀ ਆਪਣੀ ਆਜ਼ਾਦ ਹਸਤੀ ਹੈ ਤੇ ਇਸੇ ਆਜ਼ਾਦ ਹਸਤੀ ਦੀ ਸੋਚ ਕਾਰਨ ਪਿਓ ਦਾ ਪੁੱਤਰ ਉੱਪਰ ਪ੍ਰਭਾਵ ਖੀਣ ਹੋ ਜਾਂਦਾ ਹੈ! ਕੰਪਿਊਟਰ ਕਲਚਰ ਦੇ ਪ੍ਰਭਾਵ ਹੇਠ ਉਹਨੂੰ ਹਿੰਦੋਸਤਾਨ ਮਰਦਾ ਜਾਪਦਾ ਹੈ! ਏਥੇ ਵੀ ਰਵਿੰਦਰ ਰਵੀ ਆਧੁਨਿਕ ਕੰਪਿਊਟਰ ਦੀ “ਟਿਕ, ਟਿਕ, ਟੂੰ, ਟੂੰ” ਨੂੰ ਪੇਂਡੂ ਪੰਜਾਬੀ ਵਾਂਗ ਮਹਿਸੂਸ ਕਰਦਾ ਹੈ! ਉਹਨੂੰ ਜਾਪਦਾ ਹੈ ਜਿਵੇਂ ਬਰਸਾਤੀ ਮੱਛਰਾਂ ਨੇ ਉਹਦਾ ਬੁਰਾ ਹਾਲ ਕੀਤਾ ਹੋਵੇ! ਉਹਦੇ ਦਿਲ ਦਿਮਾਗ਼ ‘ਤੇ ਧੱਫੜ ਉੱਭਰ ਆਏ ਹਨ! ਉਹਨੂੰ ਜਾਪਦਾ ਹੈ ਜਿਵੇਂ ਸੀਰੇ ਤੇ ਗੁੜ ਨਾਲ ਲਿੱਬੜੀ ਕੋਈ ਹੋਂਦ ਕੀੜਿਆਂ ਦੇ ਭੌਣ ‘ਤੇ ਸੁੱਟ ਦਿੱਤੀ ਗਈ ਹੋਵੇ! ਸੰਖੇਪ ਵਿਚ ਰਵਿੰਦਰ ਰਵੀ ਦਾ ਅਨੁਭਵ-ਖੇਤਰ “ਮਾਡਰਨ” ਹੈ, ਪਰ ਉਸ ਵਿਚਲਾ ਅਨੁਭਵ-ਕਰਤਾ “ਪ੍ਰਿਮੇਟਿਵ” ਹੈ!
ਬਾਕੀ ਦੀਆਂ ਕਹਾਣੀਆਂ ਵਿਚ ਵੀ ਦ੍ਰਿਸ਼ਟੀ ਵਿਚਕਾਰ ਇਸ ਤਰ੍ਹਾਂ ਦਾ “ਮਾਡਰਨ”, ਪ੍ਰਿਮੇਟਿਵ” ਤਣਾਅ ਹੈ! ਇਨ੍ਹਾਂ ਕਹਾਣੀਆਂ ਦੇ ਹਿੱਸੇ ਦਾ ਅਨੁਭਵ ਨਾਂ ਨਿਰੋਲ ਆਧੁਨਿਕ ਹੈ, ਨਾਂ ਨਿਰੋਲ ਆਦਿਮ! ਦੋਂਹਾਂ ਵਿਚਕਾਰ ਪਾੜਾ ਬਣਿਆਂ ਰਹਿੰਦਾ ਹੈ! ਨਾਂ ਆਦਮੀਂ ਨਵੇਂ ਜੀਵਨ ਨੂੰ ਤਿਆਗ ਸਕਦਾ ਹੈ, ਨਾਂ ਪੁਰਾਣੀ ਜਾਚ ਨੂੰ ਕੈਨੇਡਾ ਪਹੁੰਚਿਆ ਹੋਇਆ ਭਾਰਤੀ, ਉੱਥੋਂ ਦੇ ਖੁੱਲ੍ਹੇ ਖੁਲਾਸੇ ਮਾਹੌਲ ਦੇ ਸੁੱਖ-ਸਾਧਨਾਂ ਦਾ ਆਨੰਦ ਮਾਣਦਾ ਹੋਇਆ, ਨਜ਼ਰ-ਅੰਦਾਜ਼ ਕਰ ਸਕਦਾ ਹੈ, ਪਰ ਅਖੀਰ ‘ਤੇ ਉਹਦੇ ਆਨੰਦ ਉੱਤੇ ਪੁਰਾਣੀਆਂ ਕਦਰਾਂ-ਕੀਮਤਾਂ ਭਾਰੂ ਹੋ ਜਾਂਦੀਆਂ ਹਨ!
“ਪੈੱਟ ਕਲਚਰ” ਕਹਾਣੀ ਵਿਚਲੀ ਔਰਤ ਉਸ ਆਦਮੀ ਨੂੰ ਤਿਆਗ ਦਿੰਦੀ ਹੈ, ਜੁ ਪਾਲਤੂ ਬਿੱਲੀ ‘ਤੇ ਹੱਥ ਚੁੱਕਦਾ ਹੈ! ਧਰਮ-ਵਿਹੂਣੀ ਔਰਤ ਕਿਸੇ ਪਰਦੇਸੀ ਨਾਲ ਸੇਜ ਸਾਂਝੀ ਕਰਨ ਮਗਰੋਂ ਆਪਣੇ ਪੁਰਾਣੇ ਪ੍ਰੇਮੀਂ ਨਾਲ “ਈਸ਼ਵਰੀ ਰਿਸ਼ਤਾ” ਥਾਪ ਕੇ ਹੀ ਆਪਣੇ ਆਪ ਨੂੰ ਸਫਲ ਸਮਝਦੀ ਹੈ!
ਨਾਂ ਵਿਗਿਆਨਕ ਆਲੇ-ਦੁਆਲੇ ਵਿਚਕਾਰ ਰੱਬ ਵਾਫਰ ਹੈ, ਨਾਂ ਕੈਨੇਡੀਅਨ ਸ਼ਰਾਬ ਵਿਚ ਡੁੱਬ ਰਹੇ ਪੰਜਾਬੀ ਲਈ ਅਧਿਆਤਮਿਕ ਅੰਮ੍ਰਿਤ ਅਪ੍ਰਸੰਗਿਕ ਹੈ! *”ਕੰਪਿਊਟਰ ਕਲਚਰ” ਵਿਚ “ਈਸ਼ਵਰੀ ਰਿਸ਼ਤੇ” ਮੁੱਲਵਾਨ ਹਕੀਕਤ ਵਾਂਗ ਟਿਕੇ ਹੋਏ ਹਨ! ਅਘਰਵਾਸੀ ਪੁੱਤਰ ਵਿਚ ਵੀ ਘਰ ਤੇ ਪਿਓ ਦੋਵੇਂ ਜਿਊਂਦੇ ਰਹਿੰਦੇ ਹਨ!
“ਪੰਜਾਬੀ ਟ੍ਰਿਬਿਊਨ” – ਚੰਡੀਗੜ੍ਹ, ਭਾਰਤ – ੬ ਅਕਤੂਬਰ, ੧੯੮੫
*ਕੰਪਿਊਟਰ ਕਲਚਰ(ਦੂਜਾ ਐਡੀਸ਼ਨ: ੨੦੧੦) – ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ