Bhatkan-Mukhi & other poems

ਰਵਿੰਦਰ ਰਵੀ: ਪੰਜ ਕਵਿਤਾਵਾਂ

੧. ਭਟਕਣ-ਮੁਖੀ

ਅੱਜ ਕੇਵਲ ਲੀਕਾਂ ਹੀ ਵਹੀਆਂ,

ਸ਼ਬਦ ਪਕੜ ਨਾ ਹੋਏ!

ਭਾਸ਼ਾ ਦੇ ਦਰ, ਭਾਵਾਂ ਦਾ ਸੱਚ,

ਚੁੱਪ ਚੁਪੀਤਾ ਰੋਏ!

ਮਿਲੇ, ਤਾਂ ਉਦ ਵੀ ਸ਼ਬਦ ਨਹੀਂ ਸਨ,

*ਵਿਦਿਆ-ਵੇਲੇ ਫਿਰ **ਨਿਰਵਾਣੀ!

ਦਿਲ ਵਿਚ ਸੂਲਾਂ, ਜ਼ਿਹਨ ‘ਚ ਫੋੜੇ,

ਅੱਖਾਂ ਪਾਣੀ, ਪਾਣੀ!

ਤੇਰੀ ਵਿਥਿਆ ਅਲਫ ਚਾਨਣੀ,

ਮੇਰੀ ਹੈ ਪਰਛਾਵਾਂ!

ਸੱਟ ਤੇ ਪੀੜ ਦੇ ਰਿਸ਼ਤੇ ਦੇ ਵਿਚ,

ਬੰਨ੍ਹਿਆਂ ਸਾਨੂੰ ਰਾਹਵਾਂ!

ਭਟਕੇ ਸਾਂ, ਕਿ ਫੇਰ ਮਿਲਾਂਗੇ,

ਮਿਲੇ ਹਾਂ, ਫਿਰ ਭਟਕਣ ਲਈ!

ਰਾਹ ਪਾਟਣ ਚਾਹੇ ਉਲਟ ਦਿਸ਼ਾਈਂ,

ਤੁਰਦਾ ਕੌਣ ਰੁਕਣ ਲਈ?

੨. ਇਕੱਲ-ਕੈਦ

ਅੰਬਰ ਨੂੰ ਅੱਗ ਲਾ ਕੇ ਤੁਰੀਆਂ,

ਡੁੱਬਦੀਆਂ ***ਭਾਨ-ਸ਼ੁਆਵਾਂ!

ਜਿੱਧਰ ਵੇਖੋ, ਬਰਫ ਦਾ ਪਹਿਰਾ,

ਵਗਦੀਆਂ ਸੀਤ ਹਵਾਵਾਂ

ਠਾਰ ਅੰਦਰ ਦੀ? ਬਾਹਰ ਦਾ ਮੌਸਮ?

ਭੇਦ ਸਮਝ ਨਾਂ ਆਏ!

ਆਪੇ ਨੂੰ ਭਰਮਾਵਣ ਲਈ, ਮਨ

ਬਰਫ ਨੂੰ ਤੀਲੀ ਲਾਏ!

ਚਿੱਟੀ ਬਰਫ ਤੇ ਕੋਰੇ ਮਨ ‘ਤੇ,

ਹਰ ਰੰਗ ਪੈੜ ਬਣੇ!

ਬਰਫ ਦੀ ਰੁੱਤੇ, ਜੋ ਰੁੱਤ ਆਵੇ,

ਸੱਜਰੀ ਪੀੜ ਜਣੇ!

ਅਬਰਕ ਵਾਂਗੂੰ ਝੜਦੀ ਅੰਬਰੋਂ,

ਪੈੜਾਂ ਉੱਤੇ ਪੈਂਦੀ!

ਬਰਫ ਦੀਆਂ ਤਹਿਆਂ ਵਿਚ ਸਾਂਭੀ,

ਪੈੜ ਨਾ ਅੱਜ ਕੱਲ੍ਹ ਢਹਿੰਦੀ!

ਆਵਣ ਵਾਲੇ, ਆਕੇ ਤੁਰ ਗਏ,

ਪੈੜ ਨਾ ਛੱਡਣ ‘ਵਾਵਾਂ!

ਯਾਦਾਂ ਵਾਂਗ ਅਨ੍ਹੇਰੀ, ਪਿੱਛੋਂ

ਚੁੱਪ ਦਾ ਸ਼ੋਰ ਦੁਖਾਵਾਂ!

ਕਿਹੜੀਆਂ ਸੋਚਾਂ ਵਿਚ ਜਿੰਦ ਉਲਝੀ?

ਕਿਸ ‘ਤੇ ਦੋਸ਼ ਧਰੇ?

ਇਕਲਾਪੇ ਦੀ ਕੈਦ ਹੋਂਦ ਨੂੰ,

ਕਿੱਧਰ ਕੂਚ ਕਰੇ???

੩. ਕਤਲ

ਬਰਫ ਨੂੰ ਅੱਗ ਨਹੀਂ ਲੱਗਣੀ,

ਤੀਲ੍ਹੀ ਕਿਉਂ ਬਲਦੀ ਹੈ?

ਪਿੱਠਾਂ ਵਿਚਕਾਰਲਾ ਸੂਰਜ,

ਰੌਸ਼ਨ ਹੈ,

ਰੌਸ਼ਨੀ ਨਹੀਂ ਕਰਦਾ!

ਚਮਗਿੱਦੜ ਨੂੰ ਰਾਤ ਹੀ ਦਿਨ,

ਉੱਲੂ ਨੂੰ ਉਜਾੜ, ਆਬਾਦੀ!

ਪਿੱਠਾਂ ਪਾਟੀਆਂ,

ਚਿਹਰੇ ਬੇਮੁੱਖ ਹੋਏ –

ਰਿਸ਼ਤਿਆਂ ਦੀ ਰੌਸ਼ਨੀ ‘ਚ,

ਕਿਸ ਦਾ ਕਤਲ ਹੋਇਆ ਹੈ???

੪. ਵਕਤ ਆ ਗਿਆ ਹੈ

ਵਕਤ ਆ ਗਿਆ ਹੈ:

ਪਹੁ ਫਟਣ ਦਾ

ਚਿੜੀਆਂ, ਚਹਿਕਣ ਦਾ

ਕਲੀਆਂ, ਖਿੜਣ ਦਾ

ਪੌਣਾਂ, ਰੁਮਕਣ ਦਾ

ਟਹਿਣੀਆਂ, ਝੂਲਣ ਦਾ

ਕਿਰਨਾਂ, ਮਹਿਕਣ ਦਾ

ਫੁੱਲਾਂ, ਟਹਿਕਣ ਦਾ –

ਹਾਂ, ਵਕਤ ਆ ਗਿਆ ਹੈ:

ਵਕਤ ਰੋਜ਼ ਆਉਂਦਾ ਹੈ,

ਪਰ ਹੁੰਦਾ ਕੁਝ ਵੀ ਨਹੀਂ!!!

੫. ਚਲੋ ਚੱਲੀਏ

ਚਲੋ ਚੱਲੀਏ,

ਸ਼ਹਿਰ ਨੂੰ ਅੱਗ ਲਾ ਕੇ,

ਵਣ ਹਰੇ ਕਰੀਏ!

ਇੱਟਾਂ ਪੱਥਰ ਚਿਣੇ ਸਨ,

ਮਨ ਨੂੰ, ਘਰ ਬਨਾਵਣ ਲਈ!

ਬਰਸ ਪਏ,

ਸਾਡੇ ‘ਤੇ –

ਚਾਰ ਦੀਵਾਰੀ ‘ਚ ਇਹ!

ਦੀਵਾਰਾਂ ਬਾਹਰ ਸਨ,

ਦੀਵਾਰਾਂ ਅੰਦਰ ਹਨ!

ਹਰ ਦੂਜੇ ਦੇ ਮੂੰਹ ‘ਤੇ ਹੀ ਨਹੀਂ,

ਹਰ ਆਪਣੇ ਮੂੰਹ ‘ਤੇ ਵੀ ਸੰਦੇਹ ਹੈ!

ਹਰ ਆਪਣਾ ਚਿਹਰਾ ਵੀ, ਕੇਵਲ

ਆਪ ਤਕ ਸੀਮਤ!

ਏਸ ਤੋਂ ਪਹਿਲਾਂ ਕਿ ਤਿੜਕੇ ਚਾਰ-ਦੀਵਾਰੀ,

ਨਿਗੂਣੇ ਕੰਕਰਾਂ ਵਿਚ:

ਦੂਰ, ਦੂਰ –

ਕੋਲ, ਕੋਲ –

ਚਲੋ ਚੱਲੀਏ,

ਸ਼ਹਿਰ ਨੂੰ ਅੱਗ ਲਾ ਕੇ,

ਵਣ ਹਰੇ ਕਰੀਏ!!!


ਵਿਦਿਆ-ਵੇਲੇ – ਵਿਛੜਨ ਸਮੇਂ                 **ਨਿਰਵਾਣੀ – ਚੁੱਪ                  ***ਭਾਨ-ਸ਼ੁਆਵਾਂ – ਸੂਰਜ ਦੀਆਂ ਕਿਰਨਾਂ

Leave a Reply

Your email address will not be published. Required fields are marked *