ਰਵਿੰਦਰ ਰਵੀ
ਹੋਂਦ-ਕਥਾ: ਤੋਰ ਅਨੰਤ
ਫੇਸ ਬੁਕ ਦੋਸਤ ਸਿਮਰਤੀ ਸੀਹਰਾ ਦੇ ਨਾਂ –
ਹੌਲੀ ਹੁੰਦੀ, ਹੁੰਦੀ, ਇਕ ਦਿਨ,
ਤੋਰ ਅਸਾਡੀ ਰੁਕ ਜਾਣਾ ਹੈ।
ਅੰਬਰ-ਛੁੰਹਦੀਆਂ ਛੱਲਾਂ ਵਾਲਾ,
ਸਾਗਰ ਸਾਡਾ ਸੁੱਕ ਜਾਣਾ ਹੈ।
ਨਦੀਆਂ ਜੁ ਸਾਗਰ ਨਾਲ ਜੋੜੇ,
ਉਹ *੧. ਗਲੇਸ਼ੀਅਰ ਮੁੱਕ ਜਾਣਾ ਹੈ।
ਅੱਖਾਂ ਵਿਚ ਆਕਾਸ਼ ਨਹੀਂ ਰਹਿਣਾ,
ਖੰਭਾਂ ਨੇ ਵੀ ਟੁੱਟ ਜਾਣਾ ਹੈ।
ਜੀਵਨ ਸੰਗ ਜਿਹਨੇ ਇਸ਼ਕ ਕਮਾਇਆ,
ਨਬਜ਼ਾਂ ਵਿਚ ਦਿਲ ਰੁੱਕ ਜਾਣਾ ਹੈ।
ਸਿਰ ਝੁਕਿਆ ਨਾਂ, ਕਿਸੇ ਦੇ ਅੱਗੇ,
ਆਪਣੇ ਅੱਗੇ ਝੁੱਕ ਜਾਣਾ ਹੈ!
ਪੈਰਾਂ ਨਾਲੋਂ ਪੈਂਡੇ ਝੜਨੇ,
ਸਫਰ ਅਸਾਡਾ ਮੁੱਕ ਜਾਣਾ ਹੈ।
।।ਰਹਾਓ।।
ਪੁੱਤਰ, ਪੋਤੇ, ਪੋਤੀਆਂ ਦੇ ਵਿਚ,
ਹੋਂਦ ਅਸਾਡੀ ਲੁਕ ਜਾਣਾ ਹੈ।
ਮਰਨੋਂ ਬਾਅਦ ਵੀ ਤੁਰਦੇ ਰਹਿਣਾ,
ਕਿਹੜਾ ਆਖੇ ਰੁਕ ਜਾਣਾ ਹੈ???
ਗਲੇਸ਼ੀਅਰ: Glacier