ਸੜ ਬਲੇ ਬਲਾਤਕਾਰੀ
ਸੋਚ ਦੀ ਕਿਰਿਆ ‘ਚ ਹੁੰਦੇ,
ਹੱਥ ਵੀ ਹੱਥਿਆਰ ਵੀ।
ਸੋਚ ‘ਚੋਂ ਹੀ ਜਨਮ ਲੈਂਦੇ,
ਅੱਗ ਵੀ ਅੰਗਿਆਰ ਵੀ।
ਬੇਬਸੀ, ਕਮਜ਼ੋਰੀਆਂ ਦੀ
ਤਹਿ ‘ਚ ਸੁਫਨੇ ਬਾਲੀਏ।
ਤੋੜੀਏ ਜੰਦਰੇ ਤੇ ਦਰ,
ਤੋੜੀਏ ਦੀਵਾਰ ਵੀ।
ਨਜ਼ਰ ਨੂੰ ਚੁੱਕੋ ਉਤਾਂਹ,
ਏਸ ਵਿਚ ਹੀ ਪਿੰਡ, ਬ੍ਰਹਿਮੰਡ।
ਏਸ ਵਿਚ ਅਸਮਾਨ ਵੀ,
ਫੁੱਲ, ਮਹਿਕ, ਬਹਾਰ ਵੀ।
ਬਣ ਜਾਏ ਬੇਹਿੰਮਤੀ ਜੇ
ਹੱਥਕੜੀ ਤੇ ਬੇੜੀਆਂ,
ਚਿੰਤਨ ਹੀ ਬਣਦਾ ਅਮਲ,
ਹੁੰਦੇ ਪੰਧ, ਸਰ, ਦੁਸ਼ਵਾਰ ਵੀ।
ਨਜ਼ਰ ‘ਚੋਂ ਬਿਜਲੀ ਗਿਰੇ, ਤੇ
ਸੜ ਬਲੇ ਬਲਾਤਕਾਰੀ।
ਚੂੜੀਆਂ ਦੇ ਕੱਚ ‘ਚ ਸੱਚ ਹੈ,
ਪਿਆਰ ਦਾ ਇਜ਼ਹਾਰ ਵੀ।