ਰਵਿੰਦਰ ਰਵੀ
ਖਾਲੀ ਪਿਆਲਾ
ਰਾਤ ਭਰ ਬੈਠੇ ਰਹੇ,
ਮਿੱਤਰ-ਕੁੜੀਆਂ, ਮਿੱਤਰ-ਮੁੰਡੇ,
ਹੱਥੋ ਹੱਥੀਂ ਜਾਮ ਤੁਰੇ!
ਜਿਤਨੀ ਵਿਸਕੀ,
ਜਿਤਨੀ ਵਿਹੁ ਸੀ, ਮੇਰੇ ਹਿੱਸੇ,
ਅੱਖ-ਫੋਰੇ ਵਿਚ ਡੀਕ ਗਿਆ!
ਮੈਂ ਕੱਲਾ, ਮੈਂ ਸੱਖਣਾ,
ਖਾਲੀ ਪਿਆਲਾ,
ਨੁੱਕਰ ਦੇ ਵਿਚ ਪਿਆ ਰਿਹਾ!
ਫਿਰ ਗੱਲਾਂ ਤੁਰੀਆਂ,
ਕੁੜੀਆਂ ਵਰਗੀਆਂ ਗੱਲਾਂ,
ਜ਼ੁਲਫਾਂ ਵਰਗੀਆਂ ਛੱਲਾਂ!
ਸ਼ਹਿਜ-ਗਤੀ ‘ਤੇ ਇਕ ਦੂਜੇ ਵਿਚ
ਉਲਝੀਆਂ ਨਜ਼ਰਾਂ!
ਮੈਂ *ਵਿਸਰਾਮ ਜਿਹਾ ਸਾਂ,
ਹੂੰ, ਹਾਂ ਕਰਦਾ –
ਵਕਫੇ, ਪ੍ਰਸ਼ਨ,
ਵਿਸਮਿਕ-ਚਿੰਨ੍ਹ ਭਰਦਾ!
ਸਭ ਦੀਆਂ ਨਜ਼ਰਾਂ,
ਕਦੇ, ਕਦੇ, ਮੇਰੇ ‘ਤੇ ਪਈਆਂ:
ਸਰਚ-ਲਾਈਟ ਤੇ ਘੁੱਪ ਅਨ੍ਹੇਰਾ –
ਚੋਰ ਜਿਹਾ ਮਨ,
ਸਹਿਮ ਜਿਹੇ ਵਿਚ,
ਆਪਣੇ ਅੰਦਰ ਦੁਬਕ ਗਿਆ!
ਮਿੱਤਰ ਸਮਝੇ,
ਹੁਣ ਇਸਦਾ ਦਿਲ ਬਹਿਲ ਗਿਆ….
…………………………………
….ਤੇ ਫਿਰ….
ਸਿਗਰਟ ਦਾ ਧੂੰਆਂ, ਆਪਮੁਹਾਰਾ
ਛੱਲਿਆਂ ਦੇ ਵਿਚ ਖੁੱਲ੍ਹ ਪਿਆ!
ਮੌਨ ਜਿਹਾ ਇਕ,
ਜੀਭ ਮੇਰੀ ‘ਤੇ ਡੁੱਲ੍ਹ ਗਿਆ;
ਅਣ-ਸੁਲਗੇ ਸਿਗਰਟ ਦੀ ਨਿਆਈਂ,
ਗੁੰਮ ਸੁੰਮ ਠੰਡਾ,
ਬੁੱਲ੍ਹਾਂ ‘ਤੇ ਮੈਂ ਪਿਆ ਰਿਹਾ!
ਕੰਨਾਂ ‘ਤੇ ਬੋਲਾਂ ਦੀ ਦਸਤਕ,
ਨਜ਼ਰਾਂ ਨੂੰ ਨਜ਼ਰਾਂ ਦਾ ਨਿਉਂਦਾ,
ਅੰਗਾਂ ਨੂੰ ਅੰਗਾਂ ਦੀ ਲੋਚਾ,
ਵੱਖੀ ਚੂੰਢੀ, ਬਗਲੀਂ ਹਾਸਾ –
ਜੋ ਕੱਲਾ,
ਉਹ ਕੱਲਾ ਨੱਚੇ,
ਪਰ ਨਾ ਦੱਸੇ –
ਜੋ ਪਿਆਸਾ,
ਉਹ ਪਿਆਸ ਨੂੰ ਤੱਕੇ –
ਮਹਿਫਲ ਦਾ ਦਸਤੂਰ ਹੀ ਸੀ ਕੁਝ ੰਿeੰਜ ਬਣਿਆਂ!!!
ਓਸ ਕੁੜੀ ਦੀ ਗੱਲ ਜਦ ਚੱਲੀ,
ਮੈਂ ਖੁਰਿਆ ਤੇ ਮੈਂ ਕੁਝ ਭੁਰਿਆ!
ਜਸ਼ਨ ਅਤੇ ਇਹ,
ਯਾਰਾਂ ਦੀ ਹਮਦਰਦੀ,
ਮੈਨੂੰ ਮਿਹਣਾਂ ਜਾਪੇ!
ਮਨੋਰੰਜਨ ਦੀ ਏਸ ਸਿਖਰ ‘ਤੇ,
ਅੱਜ ਮੈਂ ਘੁੱਟ ਜ਼ਹਿਰ ਦਾ ਭਰਿਆ!
ਮਿੱਤਰਾਂ ਵਿਚ ਸਰੂਰ ਆਖਿਆ,
ਸ਼ੁਕਰ ਕਿ ਇਸ ਨੂੰ ਕੁਝ ਤਾਂ ਚੜ੍ਹਿਆ!!!
ਮੈਂ ਕੱਲਾ, ਮੈਂ ਸੱਖਣਾ,
ਖਾਲੀ ਪਿਆਲਾ,
ਨੁੱਕਰ ਦੇ ਵਿਚ ਪਿਆ ਰਿਹਾ!
*ਵਿਸਰਾਮ – ਵਿਸਰਾਮ-ਚਿੰਨ੍ਹ