ਰਵਿੰਦਰ ਰਵੀ
“ਗੰਢਾਂ” ਤੇ ਹੋਰ ਕਵਿਤਾਵਾਂ
੧. ਗੰਢਾਂ
ਗੰਢ-ਤੁੱਪ ਦੇ ਵਿਚ ਬੀਤੇ ਜੀਵਨ
ਗੰਢ-ਤੁੱਪ ਵਿਚ ਸਭ ਰਿਸ਼ਤੇ
ਤਨ ਵਿਚ ਗੰਢਾਂ, ਮਨ ਵਿਚ ਗੰਢਾਂ
ਗੰਢਾਂ ਵਸਤਰ, ਗੰਢਾਂ ਵਾਣੀ
ਗੰਢਾਂ ਹੇਠ ਅਲੋਪ ਹੈ ਵਸਤੂ
ਗੰਢੀਂ ਉਲਝੀ ਸਗਲ ਕਹਾਣੀ
ਗੰਢਾਂ ਦੇ ਵਿਚ ਘੁੱਟਿਆ ਆਪਾ
ਗੰਢਾਂ ਵਿਚ ਬੱਝੀ ਹੈ ਆਜ਼ਾਦੀ
ਗਲ ਵਿਚ ਗੰਢਾਂ, ਜੀਭ ‘ਚ ਗੰਢਾਂ
ਦਿਲ ਵਿਚ ਗੰਢਾਂ, ਸੋਚ ‘ਚ ਗੰਢਾਂ
ਗੰਢ ਦੀ ਜੂਨ ਭੁਗਤਦੇ ਪ੍ਰਾਣੀ
ਸੁਫਨੇ ਗੰਢਾਂ, ਹੋਸ਼ ‘ਚ ਗੰਢਾਂ
ਹੁਣ ਜਦ ਤੇਰਾ ਚੇਤਾ ਆਵੇ
ਗੰਢੀਂ ਬੱਝਾ ਜਿਸਮ ਦਿਸੇ ਬੱਸ
ਤੂੰ ਕਿਧਰੇ ਵੀ ਨਜ਼ਰ ਨਾਂ ਆਵੇਂ
ਤੇਰੇ ਅੰਦਰ: ਹੀਰ ‘ਚ ਗੰਢਾਂ
ਪਤਨੀ ਦੇ ਖਮੀਰ ‘ਚ ਗੰਢਾਂ
ਤੇਰੀ ਹਰ ਤਸਵੀਰ ‘ਚ ਗੰਢਾਂ
ਧਰਤੀ ਤੋਂ ਅਸਮਾਨ ਛੂਹ ਰਹੇ
ਸ਼ੀਸ਼ਿਆਂ ਦੇ ਇਸ ਜੰਗਲ ਅੰਦਰ
ਗੰਢ ‘ਚੋਂ ਗੰਢ ਦੇ ਫੁੱਟਣ ਵਾਂਗੂੰ
ਬਿੰਬ ‘ਚੋਂ ਬਿੰਬ ਨਿਕਲਦੇ ਆਵਣ
ਗੰਢੋ ਗੰਢੀ ਤੁਰਦੇ ਜਾਈਏ
ਘੁੱਟਦੇ, ਟੁੱਟਦੇ, ਭੁਰਦੇ ਜਾਈਏ
ਦਰ ਵਿਚ ਵੀ, ਦੀਵਾਰ ‘ਚ ਗੰਢਾਂ
ਮੰਦਰ, ਗੁਰੁ-ਦਵਾਰ ‘ਚ ਗੰਢਾਂ
ਸਿਸਟਮ ਉਲਝੇ, ਉਲਝੀ ਨੀਤੀ
ਵਾਦ ‘ਚ ਵੀ, ਵਿਚਾਰ ‘ਚ ਗੰਢਾਂ
ਹਰ ਪ੍ਰਾਣੀ ਗੰਢਾਂ ਦਾ ਗੁੰਬਦ
ਉਲਝ ਗਿਆ, ਸੰਸਾਰ ‘ਚ ਗੰਢਾਂ!
੨. ਖੁੱਲ੍ਹੇ ਅਸਮਾਨ
ਪਿੰਜਰੇ ਬੀਜੋ, ਪਿੰਜਰੇ ਪਾਓ
ਏਧਰ, ਓਧਰ, ਜਿੱਧਰ ਜਾਓ
ਪਿੰਜਰਾ, ਪਿੰਜਰਾ ਕਿਰਦੇ ਜਾਓ
ਪਿੰਜਰਿਆਂ ਅੰਦਰ, ਪਿੰਜਰੇ ਵੱਸਦੇ
ਪਿੰਜਰਿਆਂ ਦਾ ਹਰ ਤਰਫ ਘਿਰਾਓ
ਸੋਚ ‘ਚ ਪਿੰਜਰਾ, ਸ਼ਬਦ ‘ਚ ਪਿੰਜਰਾ
ਹੋਸ਼ ‘ਚ ਪਿੰਜਰਾ, ਅਰਥ ‘ਚ ਪਿੰਜਰਾ
ਖੰਭਾਂ ਦਾ ਸਮ-ਅਰਥ ਨਾਂ ਪਿੰਜਰਾ
ਰਿਸ਼ਤੇ ਵਿਚ ਬੱਝੇ ਨਾਂ ਆਜ਼ਾਦੀ
ਸੱਤ ਰੰਗ ਦੀਵਾਰਾਂ ‘ਤੇ ਕਰ ਲਓ
ਰਿਸ਼ਤੇ ਦਾ ਕੋਈ ਨਾਂ ਧਰ ਲਓ
ਨਾਵਾਂ ਵਿਚ ਬੱਝੇ ਨਾਂ ਆਜ਼ਾਦੀ
ਸਹਿਜ-ਸਮਝ ਦੀ ਬਾਤ ਅਲਹਿਦੀ
ਖੰਭਾਂ ਨੂੰ ਰੰਗ ਨਹੀਂ ਲੋੜੀਦੇ,
ਲੋੜੀਦੇ ਖੁੱਲ੍ਹੇ ਅਸਮਾਨ
ਸੂਰਜ ‘ਚੋਂ ਰੰਗ ਕਿਰ, ਕਿਰ ਪੈਣੇ
ਖੰਭਾਂ ਨੇ ਜਦ ਭਰੀ ਉਡਾਣ
ਮਹਿਕਾਂ ਨੇ ਜਦ ਪੌਣਾਂ ਦੇ ਵਿਚ
ਸ਼ਵਾਸ ਲਿਆ, ਹੋਈਆਂ ਇਕ ਜਾਨ
੩. ਟਿਕਾਅ
ਕੁਝ ਬਾਹਰੀ ਨਜ਼ਾਰਿਆਂ ‘ਚ ਖੋਇਆ
ਕੁਝ ਅੰਦਰ ਦੇ ਨਸ਼ੇ ‘ਚ ਮਸਤ
ਉੱਡਦਾ ਉੱਡਦਾ ਪੰਛੀ
ਅਜਾਣੇ ਹੀ
ਡਾਰ ਤੋਂ ਅਲੱਗ ਹੋ ਗਿਆ!
ਦੂਰ ਦੂਰ ਤਕ ਪਰਬਤ ਹਨ
ਖੱਡਾਂ, ਖਾਈਆਂ ਤੇ ਵਾਦੀਆਂ ਹਨ
ਕਦੇ ਨਿਰਮਲ, ਕਦੇ ਘਟਾਟੋਪ ਆਕਾਸ਼ ਹੇਠ
ਚਿੱਟੀਆਂ ਬਰਫਾਂ, ਵਗਦੀਆਂ ਨਦੀਆਂ,
ਥਿਰ ਝੀਲਾਂ ਹਨ!
ਪੰਛੀ ਨੇ ਪਰਬਤ ਦੀ ਉਚਾਈ
ਆਪਣੇ ਅੰਦਰ ਵਸਾ ਲਈ ਹੈ –
ਉਹ ਇਸ ਤੋਂ ਹੇਠਾਂ ਨਹੀਂ ਆਉਣਾ ਚਾਹੁੰਦਾ!
ਉਹ ਬਾਰ, ਬਾਰ ਪਰਬਤ ਵਲੋਂ
ਅਥਾਹ ਅੰਬਰ ਵਲਾਂ ਤਕਦਾ ਹੈ
ਪਰ ਆਪਣੇ ਆਪ ਤੋਂ,
ਉੱਚਾ ਨਹੀਂ ਉੱਠ ਸਕਦਾ!
ਇਕਸਾਰ ਟਿਕਾਅ ਜਿਹੇ ਵਿਚ ਉਸ ਦੀ ਉਡਾਣ
ਨਾਂ ਭੋਂ ਦੀ ਬਣੀ
ਨਾਂ ਆਪੇ ਤੋਂ ਉਚੇਰੇ ਆਕਾਸ਼ ਦੀ!
ਉਹ ਲਗਾਤਾਰ: ਅੰਦਰ ਤੇ ਬਾਹਰ
ਖਲਾਅ ‘ਚ ਵਿਅਸਤ ਹੋ ਰਿਹਾ ਹੈ!!!
੪. ਮੁੰਡੇ ਕੁੜੀਆਂ
ਧੁੱਪ ਚੜ੍ਹੀ ਹੈ
ਭੋਂ ਤਪਦੀ ਹੈ
ਮੁੰਡੇ ਕੁੜੀਆਂ
ਝੱਗੇ ਲਾਹੀ
ਦੌੜਨ ਭੱਝਣ
ਇਕ ਦੂਜੇ ‘ਤੇ
ਪਾਣੀ ਸੁੱਟਣ
ਮੰਨਣ, ਰੁੱਸਣ
ਪਰ ਨਾਂ ਘਟਦੀ
ਤਪਸ਼ ਮਨਾਂ ਦੀ
ਜਿਸਮਾਂ ਦੀ ਤੇਹ
ਇਸ ਵਾਦੀ ਦੇ
ਸਿਰ ‘ਤੇ ਪਰਬਤ
ਬਰਫੀਲੀ ਟੀਸੀ ‘ਚੋਂ ਤੱਕੇ:
ਧਰਤੀ, ਸੂਰਜ,
ਮੁੰਡੇ, ਕੁੜੀਆਂ,
ਵਣ, ਤ੍ਰਿਣ,
ਜੰਤ, ਪੰਖੇਰੂ………
ਤੇ ਹੱਸਦਾ ਹੈ!
ਜ਼ਿੰਦਗੀ ਜੇਡਾ
ਜ਼ਿੰਦਗੀ ਨੂੰ ਹੀ
ਭੇਦ ਆਪਣਾਂ,
ਰਾਹ ਦਸਦਾ ਹੈ!
ਬੱਦਲ ਗੱਜੇ
ਨਦੀ ਨਿਰੰਤਰ
ਬਿਫਰੇ ਸਾਗਰ
ਮੁੰਡੇ, ਕੁੜੀਆਂ
ਝੱਗੇ ਲਾਹੀ
ਦੌੜਨ, ਭੱਜਣ
ਇਕ ਦੂਜੇ ‘ਤੇ
ਪਾਣੀ ਸੁੱਟਣ!
੫. ਚੇਤਨਾਂ
ਮਰਨ ਵਾਲੇ ਨੂੰ
ਮਰਨ ਦੀ ਵਿਹਲ ਨਹੀਂ ਸੀ
ਜਿਊਣ ਵਾਲੇ ਨੂੰ ਜਿਊਣ ਦੀ ਚਾਹ ਨਹੀਂ!!!
ਨਾਂ ਮਰ ਕੇ, ਮਰੇ
ਨਾਂ ਜੀ ਕੇ, ਜੀਵੇ!
ਜੀਵਨ, ਮੌਤ ਨਾਲ, ਨਾਲ ਚੁੱਕੀ,
ਸਮਵਿੱਥ,
ਭੋਗਦੇ ਰਹੇ ਕਿਸੇ ਹੋਰ ਦਾ ਜੀਵਨ –
ਭੁਗਤਦੇ ਰਹੇ
ਕਿਸੇ ਹੋਰ ਦੀ ਮੌਤ!
ਵਿਚ ਵਿਚਾਲੇ,
ਖਿੱਚ-ਰਹਿਤ,
ਜ਼ੀਰੋ-ਖੇਤਰ…….
ਚੇਤਨਾਂ!!!
੬. ਤੁਪਕਾ, ਪੱਤਾ ਤੇ ਸੂਰਜ
ਜਿਸ ਪੱਤੇ ‘ਤੇ
ਤੁਪਕਾ, ਤੁਪਕਾ
ਟਪਕਦਾ ਸੀ
ਕੁਦਰਤੀ ਸੰਗੀਤ ਦਾ,
ਉਸ ਪੱਤੇ ਉੱਤੇ
ਇਕ ਤੁਪਕਾ ਅਟਕ ਗਿਆ,
ਪਾਰਦਰਸ਼ੀ
ਅੱਖ ਵਰਗਾ
ਮੀਂਹ ਤੋਂ ਬਾਅਦ, ਨਿਰਮਲ
ਆਕਾਸ਼ ਨੂੰ ਨਿਹਾਰਦਾ,
ਸਮੇਂ ਨੂੰ ਪੁਕਾਰਦਾ!
ਸੂਰਜ ਦੀ ਭਰਵੀਂ ਲੋਅ:
ਵਿਲੱਖਣ…..
ਸ਼ੀਸ਼ੇ ‘ਚ ਉਤਾਰਦਾ!
੭. ਸਟਿੱਲ ਲਾਈਫ ਪੇਂਟਿੰਗ
ਥੋੜ੍ਹਾ ਜਿਹਾ ਮੀਂਹ ਵੱਸਿਆ –
ਤੇ ਹੁਣ ਹੁੰਮਸ ਜਿਹਾ ਹੋ ਗਿਆ ਹੈ!
ਦਮ ਘੁੱਟਦਾ ਹੈ,
ਦਿਲ ਟੁੱਟਦਾ ਹੈ!
ਗਰਦ ਤੇ ਗਹਿਰ
ਧਰਤ, ਅਸਮਾਨ ਇਕ ਕਰੀ ਬੈਠੀ ਹੈ,
ਹਵਾ ਵੀ ਸਾਹ ਤਕ ਨਹੀਂ ਲੈ ਰਹੀ!
ਨੀਮ-ਚਾਨਣੇ ਨੂੰ ਜਿਵੇਂ
ਪੀਲੀਆ ਹੋ ਗਿਆ ਹੋਵੇ!
ਪੱਤਾ ਤਕ ਨਹੀਂ ਹਿੱਲਦਾ –
ਕਿਧਰੇ ਕੋਈ ਬੋਲ,
ਸੁਰ ਸੰਗੀਤ ਨਹੀਂ ਹੈ!
ਇਕ ਅਪਰਿਭਾਸ਼ਤ ਜਿਹੀ
ਜਾਨ-ਲੇਵਾ ਖਾਮੋਸ਼ੀ,
ਸਵੈ-ਵਿਖਾਰੂ ਪਰਬਤ ਵਾਂਗ,
ਚਾਰ ਚੁਫੇਰਿਓਂ
ਬਰਸ ਰਹੀ ਹੈ
ਮਨ, ਦਿਲ, ਦਿਮਾਗ ‘ਤੇ!
ਇਤਨੇ ਪੱਛ ਹਨ ਕਿ ਇਨ੍ਹਾਂ ਦੀ ਪਹਿਚਾਣ ਨਹੀਂ ਹੁੰਦੀ,
ਇਹ ਉਹ ਜ਼ਖਮ ਹਨ ਜੋ ਫੈਲ ਕੇ ਵਜੂਦ ‘ਤੇ,
ਆਪ ਵਜੂਦ ਬਣੀ ਬੈਠੇ ਹਨ!
ਕੋਈ ਆਹ
ਕੋਈ ਸਿਸਕੀ
ਕੋਈ ਰੁਦਨ
ਕੋਈ ਹਉਕਾ –
ਕੁਝ ਨਹੀਂ ਸੁਣਦਾ!
ਤੇਰੀ *੧.ਫੋਨ-ਵਿਦਾ ਤੋਂ ਬਾਅਦ
ਜਾਪਦਾ ਹੈ ਇਹ ਹੀ ਇਕ ਨਜ਼ਾਰਾ:
ਹੁੰਮਸ ਦੇ ਸਵੈ-ਵਿਖਾਰੂ
ਬਿੰਬਾਂ ਦੀ ਖਾਮੋਸ਼ ਗੜ੍ਹੇ-ਮਾਰ ਸਹਿ ਰਹੀ
ਸਟਿੱਲ ਲਾਈਫ ਪੇਂਟਿੰਗ ਦਾ –
ਅੱਖਾਂ ਨੂੰ
ਸਦਾ ਲਈ ਚਿਪਕ ਕੇ ਰਹਿ ਗਿਆ ਹੈ!
ਥੋੜ੍ਹਾ ਜਿਹਾ ਮੀਂਹ ਵੱਸਿਆ,
ਤੇ ਹੁਣ ਹੁੰਮਸ ਜਿਹਾ ਹੋ ਗਿਆ ਹੈ!
*੧.ਫੋਨ-ਵਿਦਾ – ਟੈਲੀਫੋਨ ‘ਤੇ ਆਖੀ ਅਲਵਿਦਾ