ਸਰਹੱਦਾਂ ਤੋਂ ਪਾਰ
ਰਵਿੰਦਰ ਰਵੀ
ਸਿਮਰਤੀਆਂ ਦਾ ਮੌਸਮ ਹੈ
ਨਜ਼ਮ ਫੇਰ ਅਫਰੀਕਾ ਬਣੀ
ਮੇਰੇ ਸੌਂਹੇਂ ਖੜ੍ਹੀ ਹੈ!
ਕਾਲੀ ਚਮੜੀ ਹੇਠ, ਤਿੱਖੇ
ਛਾਤੀਆਂ ਦੇ ਉਭਾਰ
ਕਾਲੀ ਚਮੜੀ ਹੇਠ:
ਮਮਤਾ
ਮਾਸ਼ੂਕ
ਤੇ ਅੰਤਾਂ ਦਾ ਪਿਆਰ!
ਦੁੱਧ ਤੇ ਅੱਗ ਦੇ
ਰਿਸ਼ਤੇ ‘ਚ ਬੱਝੀ ਹੋਂਦ
ਹੱਦਾਂ ਤੇ ਰੰਗਾਂ ਨੂੰ ਚੁਣੌਤੀ
ਦਿੰਦੀ ਹੈ ਹਵਾ ਵਾਂਗ!
ਦੁੱਧ ਕਾਲਾ ਨਹੀਂ ਹੁੰਦਾ!!!
ਅੱਗ ਕਾਲੀ ਨਹੀਂ ਹੁੰਦੀ!!!
ਦੁੱਧ ਦੇ ਮੌਸਮ ‘ਚ
ਦੁੱਧ ਦੀ ਗੱਲ
ਅੱਗ ਦੇ ਮੌਸਮ ‘ਚ
ਅੱਗ ਦੀ ਗੱਲ
ਕਰਨ ਵਾਲੇ
ਮੁਹੱਬਤੀ ਇਨਸਾਨ ਦੀ
ਕੋਈ ਸਰਹੱਦ ਨਹੀਂ ਹੁੰਦੀ!
ਸਿਮਰਤੀਆਂ ਦਾ ਮੌਸਮ ਹੈ!
ਨਜ਼ਮ ਫੇਰ ਅਫਰੀਕਾ ਬਣੀ
ਮੇਰੇ ਸੌਂਹੇਂ ਖੜ੍ਹੀ ਹੈ!