ਰਵਿੰਦਰ ਰਵੀ
*੧.ਮੋਬਾਈਲ ਟਾਪੂ
ਟਾਪੂ, ਸਮੁੰਦਰ ਵਿਚ,
ਆਪਣੀਆਂ ਜੜ੍ਹਾਂ ਨਾਲੋਂ,
ਟੁੱਟ ਗਏ ਹਨ।
ਜੜ੍ਹਾਂ ਦੀ ਜਕੜ ਦਾ ਬੋਝ ਲਾਹ ਕੇ,
ਹਲਕੇ ਹੋ ਗਏ ਹਨ, ਨਿੱਕੇ, ਨਿੱਕੇ,
ਤਿੱਖੇ, ਤਿੱਖੇ, ਨਿਵੇਕਲੇ ਟਾਪੂ।
ਟਾਪੂ, ਇਕ ਦੂਜੇ ਤੋਂ ਅਲਹਿਦਾ,
ਇਕ ਦੂਜੇ ਤੋਂ ਬੇਖਬਰ,
ਆਪਣੀ ਹੀ ਧੁਨ ਵਿਚ,
ਸਮੁੰਦਰ ਦੇ ਤਲ ‘ਤੇ ਤੈਰਦੇ,
ਮੋਬਾਈਲ ਹੋ ਗਏ ਹਨ।
ਗੁੰਬਦ ਜਿਹੇ,
ਆਪਣੇ ਆਪ ਦੇ ਵਿਚ ਖੋ ਗਏ ਹਨ।
ਟਾਪੂਆਂ ਦੇ ਘਿਰਾਓ ਵਿਚ,
ਸਮੁੰਦਰ ਘਿਰ ਗਿਆ ਹੈ।
ਟਾਪੂ ਹੀ ਟਾਪੂ ਹਨ,
ਹਰ ਤਰਫ,
ਸਮੁੰਦਰ ਛੁਪ ਗਿਆ ਹੈ।
ਘਰਾਂ ਵਿਚ ਵੀ ਟਾਪੂ ਹੀ ਹਨ,
“ਮੈਂ” ਦੇ ਸੰਸਾਰ ਦੇ ਵਿਚ ਵਿਚਰਦੇ।
ਇਨ੍ਹਾਂ ਟਾਪੂਆਂ ਨੂੰ, ਅਸੀਂ
ਪਰਵਾਰ ਵੀ ਨਹੀਂ ਕਹਿ ਸਕਦੇ।
ਇਨ੍ਹਾਂ ਅੰਦਰ, ਪਰਵਾਰ ਦੀ,
ਨਾਂ ਭਾਵਨਾਂ, ਨਾਂ ਚੇਤਨਾਂ!!!
ਇਹ *੨.ਰੋਬੋਟ ਵਾਂਗ ਹਨ –
ਇਨ੍ਹਾਂ ਨੂੰ ਨਿੱਘ, ਨੇੜਤਾ,
ਪਿਆਰ ਤੇ ਪਰਵਾਰ ਲਈ,
*੩.ਪ੍ਰੋਗਰਾਮ ਹੀ ਨਹੀਂ ਕੀਤਾ ਗਿਆ!!!
“ਏਕਾ(੧)” ਚੁੱਕੀ ਟਾਪੂ,
ਇਕ, ਦੂਜੇ ਤੋਂ ਅੱਗੇ,
ਨਿਕਲਣ ਦੇ ਆਹਰ ‘ਚ ਹਨ।
ਨੰਬਰਾਂ ਦੀ ਇਸ ਦੌੜ ਵਿਚ,
ਹਰ ਕੋਈ ਚਾਹੇ,
ਬਨਣਾਂ “ਨੰਬਰ ਵਨ”।
ਇਸ ਦੌੜ ਵਿਚ ਪਿਓ ਨੂੰ ਪੁੱਤਰ,
ਭਰਾ ਨੂੰ ਭਰਾ, ਮਾਂ ਨੂੰ ਧੀ,
ਭੈਣ ਨੂੰ ਭੈਣ ਤੇ ਮਿੱਤਰ ਨੂੰ ਮਿੱਤਰ…..
ਸਭ ਮਾਰ ਸਕਦੇ ਹਨ।
ਇਹ ਕੇਵਲ “ਮੈਂ” ਦਾ ਯੁੱਧ ਹੈ!!!
ਸਮੇਂ ਦੇ ਇਨ੍ਹਾਂ ਟਾਪੂਆਂ ਵਿਚ ਘਿਰੇ,
ਬਹੁਤ ਸਾਰੇ ਆਮ ਜਿਹੇ ਲੋਕ, ਵੀ,
ਆਪਣਾਂ ਰਸਤਾ ਭੁੱਲ ਗਏ ਹਨ।
ਟਾਪੂਆਂ ਵਿਚ, ਟਾਪੂ ਬਣਕੇ,
ਰੁਲ ਗਏ ਹਨ।
ਆਪਣੇ ਆਪ ਨੂੰ ਹੀ ਨਹੀਂ,
ਵਿਰਸੇ ਨੂੰ ਵੀ,
ਭੁੱਲ ਗਏ ਹਨ।
*੧.ਮੋਬਾਈਲ ਟਾਪੂ: Mobile islands
*੨.ਰੋਬੋਟ: Robot
*੩.ਪ੍ਰੋਗਰਾਮ: Programme