ਰਵਿੰਦਰ ਰਵੀ ਦਾ ਸਾਹਿਤ ਸੰਸਾਰ: ਸੰਵੇਦਨਾ ਤੇ ਸੁਹਜ- ਸੰਚਾਰ: ਨਿਰੰਜਣ ਬੋਹਾ
ਖੋਜ-ਕਰਤਾ- ਡਾ: ਕਿਰਨਦੀਪ ਕੌਰ
ਪੰਨੇ -224 ਮੁੱਲ-350 ਰੁਪਏ – ਪ੍ਰਕਾਸ਼ਕ-ਨੈਸ਼ਨਲ ਬੁਕ ਸ਼ਾਪ , ਦਿਲੀ (ਸੰਪਰਕ-
0977998870)
ਰਵਿੰਦਰ ਰਵੀ ਨੇ ਪੰਜਾਬੀ ਕਵਿਤਾ, ਕਹਾਣੀ, ਕਾਵਿ-ਨਾਟਕ ਤੇ ਵਾਰਤਕ ਦੇ ਖੇਤਰ ਵਿਚ
ਜਿੰਨਾਂ ਮੁੱਲਵਾਨ ਯੋਗਦਾਨ ਪਾਇਆ ਹੈ, ਮੋੜਵੇਂ ਰੂਪ ਵਿਚ ਉਸ ਨੂੰ ਉੰਨੀਂ ਹੀ
ਸਾਹਿਤਕ ਮਾਨਤਾ, ਲੋਕ ਪ੍ਰਿਯਤਾ, ਪ੍ਰਸਿੱਧੀ ਤੇ ਸਥਾਪਤੀ ਵੀ ਹਾਸਿਲ ਹੋਈ ਹੈ। ਉਸ ਦੀ ਸਾਹਿਤਕ
ਦੇਣ ‘ਤੇ ਹੁਣ ਤੱਕ ਪੀ.ਐਚ.ਡੀ ਪੱਧਰ ਦੇ ਚਾਰ ਖੋਜ-ਕਾਰਜ ਹੋ ਚੁੱਕੇ ਹਨ ਤੇ ਅਨੇਕਾਂ ਹੀ
ਖੋਜਾਰਥੀਆਂ ਨੇ ਉਸਦੀਆਂ ਰਚਨਾਵਾਂ ਨੂੰ ਆਪਣੇ ਐਮ. ਫਿਲ ਪੱਧਰ ਦੇ ਖੋਜ਼-ਕਾਰਜ ਦਾ
ਅਧਾਰ ਬਣਾਇਆ ਹੈ। ਉਸ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਮਿਲਣ ਵਾਲੇ ਮਾਣ- ਸਨਮਾਨਾਂ
ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਪੀ.ਐਚ. ਡੀ. ਪੱਧਰ ਦੇ ਖੋਜ-ਕਾਰਜ ਨੂੰ ਸਮੇਟਦੀ ਹੋਈ ਡਾ:
ਕਿਰਨਦੀਪ ਕੌਰ ਦੀ ਹੱਥਲੀ ਪੁਸਤਕ ਰਵਿੰਦਰ ਰਵੀ ਦੇ ਸਾਹਿਤ ਸੰਸਾਰ ਵਿਚਲੀ ਮਾਨਵੀ ਸੰਵੇਦਨਾਂ
ਨੂੰ, ਪਰਤ ਦਰ ਪਰਤ ਉਘੇੜ ਕੇ, ਉਸ ਨੂੰ ਆਧੁਨਿਕ ਪੰਜਾਬੀ ਸਾਹਿਤ ਵਿਚ ਇਕ ਮੀਲ-ਪੱਥਰ
ਕਰਾਰ ਦੇਂਦੀ ਹੈ।
ਸਾਹਿਤਕ ਰਚਨਾਵਾਂ ਪ੍ਰਾਪਤ ਸਮਾਜਿਕ ਯਥਾਰਥ ਨਾਲ ਕਿਸੇ ਲੇਖਕ ਦੇ
ਦਵੰਦਾਤਮਕ ਸੰਬੰਧਾਂ ਵਿੱਚੋ ਉਪਜੀ ਅਨੁਭੂਤੀ ਦਾ ਹੀ ਪ੍ਰਤੀਬਿੰਬ ਹੁੰਦੀਆਂ ਹਨ। ਇਸ
ਲਈ ਪੁਸਤਕ ਦਾ ਪਹਿਲਾ ਭਾਗ ਰਵਿੰਦਰ ਰਵੀ ਦੇ ਜੀਵਨ-ਅਨੁਭਵ ਤੇ ਉਸ ਦੇ ਰਚਨਾ-ਸੰਸਾਰ ਵਿਚਲੀ
ਅੰਤਰ-ਸਬੰਧਤਤਾ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਉਂਦਾ ਹੈ। ਸਮੇ ਤੇ ਸਥਿਤੀਆਂ
ਅਨੁਸਾਰ ਜਿਉਂ ਜਿਉਂ ਰਵਿੰਦਰ ਰਵੀ ਦੇ ਜੀਵਨ-ਅਨੁਭਵ ਵਿਚ ਤਬਦੀਲੀ ਤੇ ਵਿਸ਼ਾਲਤਾ ਆਉਂਦੀ ਗਈ,
ਤਿਉਂ ਤਿਉਂ ਉਸ ਦੀਆਂ ਰਚਨਾਵਾਂ ਦਾ ਵਿਚਾਰਧਰਾਈ ਪਰਿਪੇਖ ਵੀ ਤਬਦੀਲ ਹੁੰਦਾ ਗਿਆ।
ਇਸ ਭਾਗ ਦੇ ਖੋਜ-ਸਿੱਟੇ ਅਨੁਸਾਰ ਜਦੋਂ ਪੰਜਾਬੀ ਕਵਿਤਾ ਦੀ ਰੁਮਾਂਸਵਾਦੀ –ਪ੍ਰਗਤੀਵਾਦੀ
ਧਾਰਾ ਵਿਚਾਰਾਂ ਦੇ ਨਵੇਂਪਣ ਨੂੰ ਸਵੀਕਾਰ ਕਰਨ ਤੋਂ ਇੰਨਕਾਰੀ ਹੋ ਗਈ, ਤਾਂ ਰਵਿੰਦਰ
ਰਵੀ ਨੇ ਆਪਣੀ ਸੋਚ ਦੇ ਹੋਰ ਕਵੀਆਂ ਨਾਲ ਮਿਲ ਕੇ ਪ੍ਰਯੋਗਸ਼ੀਲ ਕਾਵਿ-ਧਾਰਾ ਦਾ ਮੁੱਢ
ਬੰਨ੍ਹਿਆ ਤੇ ਕਵਿਤਾ ਨੂੰ ਜੀਵਨ ਦੇ ਆਧੁਨਿਕ ਭਾਵਬੋਧ ਦਾ ਹਾਣੀ ਬਣਾਇਆ।
ਰਵਿੰਦਰ ਰਵੀ ਨੇ ਕਵਿਤਾ ਦੇ ਨਾਲ ਕਹਾਣੀ ਦੇ ਵਿਸ਼ਾਗਤ ਸਰੂਪ ਤੇ ਕਲਾਤਮਕ
ਮੁਹਾਂਦਰੇ ਵਿਚ ਵੀ ਨਵੇ ਪ੍ਰਯੋਗ ਕਰਨ ਦੀ ਚਨੌਤੀ ਨੂੰ ਸਵੀਕਾਰਿਆ ਹੈ। ਇਸ ਲਈ ਪੁਸਤਕ ਦਾ
ਤੀਜਾ ਭਾਗ ਉਸ ਦੀ ਕਥਾ-ਸੰਵੇਦਨਾਂ ਅਤੇ ਬਿਰਤਾਂਤਕ ਸੁਹਜ ਦੀਆਂ ਅਨੇਕਾ ਪਰਤਾਂ ਨੂੰ
ਸਾਹਮਣੇ ਲਿਆਉਂਦਾ ਹੈ। ਭਾਰਤੀ ਪਿਛੋਕੜ ਤੇ ਵਿਦੇਸ਼ੀ ਵਰਤਮਾਨ ਦੇ ਅਨੁਭਵਾਂ ਨੂੰ
ਅਭਿਵਿਅਕਤ ਕਰਦੀਆਂ ਉਸ ਦੀਆਂ ਕਹਾਣੀਆਂ ਅਨੁਸਾਰ ਅਜੋਕਾ ਮਨੁੱਖ ਆਪਣੇ ਮਨੁੱਖੀ
ਖਾਸੇ ਨਾਲੋਂ ਲਗਾਤਾਰ ਟੁੱਟਦਾ ਜਾ ਰਿਹਾ ਹੈ । ਉਹ ਇਸ ਵੇਲੇ ਅਜਿਹੀ ਕੰਪਿਊਟਰੀ ਮਸ਼ੀਨ ਬਣ
ਕੇ ਰਹਿ ਗਿਆ ਹੈ ਜਿਸ ਵਿਚ ਕੇਵਲ ਨਿੱਜ਼ੀ ਨਫੇ- ਨੁਕਸਾਨ ਦੇ ਡਾਟੇ ਹੀ ਫੀਡ ਹਨ । ਪੁਸਤਕ ਦਾ ਚੌਥਾ
ਭਾਗ ਇਕ ਕਾਵਿ-ਨਾਟਕਕਾਰ ਵਜੋਂ ਬਣੀ ਉਸਦੀ ਵਿੱਲਖਣ ਤੇ ਨਿਵੇਕਲੀ ਪਹਿਚਾਣ ਦੇ ਰੰਗ ਹੋਰ ਗੂੜ੍ਹੇ
ਕਰਦਾ ਹੈ।ਇਹ ਭਾਗ ਪੰਜਾਬੀ ਕਾਵਿ-ਨਾਟਕ ਦੀਆਂ ਰੰਗਮੰਚੀ ਜੁਗਤਾਂ ਤੇ ਪੇਸ਼ਕਾਰੀ ਨੂੰ,
ਵਿਸ਼ਵ-ਪੱਧਰੀ ਕਾਵਿ ਨਾਟਕ ਦੀ ਪੇਸ਼ਕਾਰੀ ਦੇ ਬਰਾਬਰ ਲੈ ਕੇ ਜਾਣ ਵਿਚ, ਰਵਿੰਦਰ ਰਵੀ ਵੱਲੋਂ ਪਾਏ
ਯੋਗਦਾਨ ਨੂੰ ਵਿਸ਼ੇਸ ਸਨਮਾਨ ਦੇਂਦਾ ਹੈ।
ਪੁਸਤਕ ਦਾ ਅੰਤਲਾ ਤੇ ਪੰਜਵਾਂ ਭਾਗ ਵਾਰਤਕਕਾਰ ਰਵਿੰਦਰ ਰਵੀ ਨੂੰ ਉਸ
ਦੀ ਸਾਹਿਤਕ ਸਵੈ-ਜੀਵਨੀ ਤੇ ਸਫ਼ਰਨਾਮੇ ਸਮੇਤ ਪਾਠਕਾਂ ਦੇ ਰੂ-ਬਰੂ ਕਰਦਾ ਹੈ । ਖੋਜ-ਕਰਤਾ
ਨੇ ਰਵਿੰਦਰ ਰਵੀ ਦੀਆਂ ੫੨ ਪੁਸਤਕਾਂ ਵਿਚਲੀ ਵਿਚਾਰਧਾਰਕ ਤੇ ਕਲਾਤਮਕ ਦੇਣ ਦੇ ਅਨੇਕਾਂ
ਪਾਸਾਰਾਂ ਨੂੰ ਇਕ ਖੋਜ-ਪ੍ਰਬੰਧ ਵਿਚ ਸਮੇਟਣ ਸਬੰਧੀ ਬਹੁਤ ਹੀ ਚਨੌਤੀ ਪੂਰਨ ਕਾਰਜ
ਨੂੰ ਨੇਪਰੇ ਚਾੜ੍ਹਿਆ ਹੈ । ਨਿਸਚੈ ਹੀ ਇਹ ਪੁਸਤਕ ਰਵਿੰਦਰ ਰਵੀ ਰਚਿਤ ਸਾਹਿਤ ‘ਤੇ ਖੋਜ-
ਕਾਰਜ਼ ਕਰਨ ਵਾਲੇ ਭਵਿੱਖ ਦੇ ਨਵੇਂ ਖੋਜਾਰਥੀਆਂ ਦੀ ਚੰਗੀ ਅਗ਼ਵਾਈ ਕਰਨ ਵਿਚ ਸਫਲ
ਰਹੇਗੀ-ਨਿਰੰਜਣ ਬੋਹਾ – ਦੇਸ਼ ਸੇਵਕ(ਚੰਡੀਗੜ੍ਹ, ਭਾਰਤ)–ਜੂਨ 29, 2014 ਅਤੇ “ਪੰਜਾਬੀ
ਅਖਬਾਰ”(www.punjabiakhbar.com) – ਜੁਲਾਈ 18, 2014