ਮੇਰਾ ਪਿਰਾਮਿਡ
ਮੈਂ ਵੀ ਆਪਣਾ ੧.ਪਿਰਾਮਿਡ
ਬਣਾ ਦਿੱਤਾ ਹੈ।
ਮਰਨ ਤੋਂ ਪਹਿਲਾਂ ਹੀ ਜੀਵਨ ਨੂੰ,
ਅਮਰਤਾ ਦੇ ਰਾਹ ਪਾ ਦਿੱਤਾ ਹੈ।
ਮਿਸਰ ਦੇ ੨.ਫੈਰੋ ਮੌਤ ਦੇ ਗਿਆਤਾ ਸਨ।
ਸਰੀਰਾਂ ਤੋਂ ੩.ਮੰਮੀਆਂ ਬਣੇ,
ਉਹ ਅੱਜ ਵੀ,
ਹਜ਼ਾਰਾਂ ਸਾਲ ਬਾਅਦ,
ਦੂਜਾ ਜੀਵਨ ਲੋਚਦੇ ਹਨ।
ਪਿਰਾਮਿਡ-ਕਲਾ ਹੀ,
ਅਮਰਤਾ ਦੇ ਆਰ ਪਾਰ ਵਿਚਰਦੀ,
ਦੂਜੀ ਜ਼ਿੰਦਗੀ ਹੈ।
ਮੈਂ ਰਾਜਾ ਨਹੀਂ, ਕਵੀ ਹਾਂ।
ਸ਼ਬਦ ‘ਚੋਂ ਫੁੱਲ ਖਿੜਾ ਸਕਦਾ ਹਾਂ,
ਹਵਾ ਨੂੰ ਮਹਿਕਣਾ ਸਿਖਾ ਸਕਦਾ ਹਾਂ।
ਛਿਣ ਦੇ ਸੱਚ ਨੂੰ,
“ਆਦਿ ਸੱਚ”, “ਜੁਗਾਦਿ ਸੱਚ”
ਬਣਾ ਸਕਦਾ ਹਾਂ।
“ਸੂਰਜ” ਨੂੰ “ਰੌਸ਼ਨੀ” ਦੇ ਅਰਥ,
ਮੈਂ ਹੀ ਦਿੱਤੇ ਹਨ।
“ਰੱਬ” ਨੂੰ ਵੀ “ਰੱਬ” ਮੈਂ ਹੀ ਬਣਾਇਆ ਸੀ।
ਗਿਆਨ ਤੇ ਅਗਿਆਨ ਦੀ ਜੰਗ ਵਿਚ,
ਭੁੱਲ ਤੇ ਪਹਿਚਾਣ ਦੀ ਜੰਗ ਵਿਚ,
ਮੈਂ ਵਿਕਾਸ ਵਾਂਗ ਵਿਚਰਿਆ ਹਾਂ।
੪.ਬਰਕੀ ੫.ਰਿਣ ੬.ਧਨ ਦੇ ਮਿਲਾਪ ‘ਚੋਂ,
ਇਕ ਨਵਾਂ ਨੂਰ ਬਣ ਚਮਕਿਆ ਹਾਂ।
ਪਰਬਤ, ਸਾਗਰ, ਨਦੀਆਂ, ਝੀਲਾਂ,
ਅੰਬਰ, ਪੰਖੀ, ਚੰਨ, ਨਖਯਤਰ,
ਸਭ ਦਿਸਦਾ, ਅਣਦਿਸਦਾ –
ਕਲਪਨਾ ਤੇ ਗਿਆਨ ਦੇ ਸੁਮੇਲ ‘ਚੋਂ,
ਮੈਂ, ਸ਼ਬਦ ਵਿਚ ਉਤਾਰ ਲਿਆ ਹੈ।
ਮੇਰੇ ਸ਼ਬਦ ਮੁਰਦਾ ਨਹੀਂ,
ਇਨ੍ਹਾਂ ਵਿਚ ਮੇਰੇ ਨੈਣ ਨਕਸ਼,
੭.ਜਨੈਟਿਕ ਉੰਗਲੀ-ਨਿਸ਼ਾਨ,
ਹਾਵਾਂ, ਭਾਵਾਂ, ਅਰਥਾਂ ਦੇ ਪਛਾਣ-ਚਿੰਨ੍ਹ,
ਸਾਹ ਲੈਂਦੇ ਹਨ।
ਮਨੁੱਖ ਸ਼ਬਦ ਹੀ ਤਾਂ ਹੈ!
ਮੈਂ ਆਪਣੇ ਸ਼ਬਦ ਤੇ ਪਛਾਣ-ਚਿੰਨ੍ਹ,
੮.ਸਾਈਬਰ-ਸਪੇਸ ਵਿਚ ਧਰ ਦਿੱਤੇ ਹਨ।
ਆਪਣੇ ੯.ਬਲੌਗ, ਆਪਣੇ ੧੦.ਵੈੱਬ-ਸਾਈਟ ਵਿਚ,
ਅਨਿਕ ਸੂਰਜ ਰੌਸ਼ਨ ਕਰ ਦਿੱਤੇ ਹਨ।
ਮੇਰੇ ਸ਼ਬਦ, ਮੁਰਦਾ ਮੰਮੀਆਂ ਨਹੀਂ,
ਜਗਦੀ, ਦਗਦੀ ਤੇ ਮਘਦੀ ਹਕੀਕਤ ਹਨ।
ਮੈਂ ਮਿਸਰ ਦਾ ਰਾਜਾ ਨਹੀਂ,
ਕਲਮ ਤੇ ਸ਼ਬਦ ਦਾ ਕਿਰਤੀ ਹਾਂ।
ਮੇਰਾ ਬਲੌਗ,
ਮੇਰਾ ਵੈੱਬ-ਸਾਈਟ ਹੀ,
ਮੇਰਾ ਪਿਰਾਮਿਡ ਹੈ!!!
੧. ਪਿਰਾਮਿਡ – Pyramid
੨. ਫੈਰੋ – Pharaoh, ਪਰਾਚੀਨ ਕਾਲ ਦਾ ਮਿਸਰੀ ਰਾਜਾ
੩. ਮੰਮੀਆਂ – Mummies
੪. ਬਰਕੀ – Electricity
੫. ਰਿਣ – Negative
੬. ਧਨ – Positive
੭. ਜਨੈਟਿਕ ਉੰਗਲੀ-ਨਿਸ਼ਾਨ – Genetic Finger Print
੮. ਸਾਈਬਰ-ਸਪੇਸ – Cyber-space
੯. ਬਲੌਗ – Blog
੧੦. ਵੈੱਬ-ਸਾਈਟ – Web-site