60viaan de Jhrokhey Chon – 7 kavitaavaan

ਰਵਿੰਦਰ ਰਵੀ

੬੦ਵਿਆਂ ਦੇ ਝਰੋਖੇ ‘ਚੋਂ: ੭ ਕਵਿਤਾਵਾਂ

੧. ਸਿਰਜਣ ਅਤੇ ਸਰਾਪ

ਮੇਰੀ ਨਫਰਤ ਨਿਖੇੜੋ ਨਾ,

ਮੇਰੀ ਨਫਰਤ ‘ਚ ਮੇਰੀ ਹੋਂਦ ਦਾ ਆਕਾਰ ਢਲਿਆ ਹੈ!

ਹਰ ਇਕ ਯੁੱਗ ਵਿਚ ਕਿਸੇ ਆਦਮ੧. ਦੇ ਅੰਦਰ ਦੀ ਹੱਵਾ੨. ਜਾਗੀ,

ਹਰ ਇਕ ਯੁੱਗ ਵਿਚ ਹੱਵਾ ਅੰਦਰ, ਕੋਈ ਆਦਮ ਉਦੈ ਹੋਇਆ!

ਸਰਾਪੀ ਸਿਰਜਣਾ ਦਾ ਵਰ ਪ੍ਰਾਪਤ ਹੋਂਦ ਮੇਰੀ ਨੂੰ,

ਤ੍ਰੀਮਤ ਆਪਣੇ ਅੰਦਰ ਦੀ ਮੈਂ ਬਾਹਰ ਭਾਲਦਾ ਫਿਰਦਾਂ,

ਗੁਨਾਹ ਕਹਿਕੇ ਜੇ ਨਿੰਦਣਾ, ਨਿੰਦ ਲਵੋ ਇਹ ਅਮਲ ਕਰਤਾਰੀ –

ਮੇਰੇ ਅੰਦਰ ਦਾ ਆਦਮ ਫਿਰ ਅੰਜੀਰਾਂ ਖਾਣ ਚੱਲਿਆ ਹੈ!

ਮੇਰੇ ਜੀਵਨ ਦੇ ਮੰਥਨ ‘ਚੋਂ ਹੈ ਅੰਮ੍ਰਿਤ ਜਦ ਕਦੇ ਮਿਲਆਿ,

ਮੇਰੇ ਅੰਦਰ ਦੇ ਰਾਖਸ਼ਿਸ਼ ਨੇ ਚੁਰਾ ਕੇ ਸਭ ਦੀਆਂ ਨਜ਼ਰਾਂ,

ਅਸੁਰ੩. ਦੀ ਅਉਧ-ਰੇਖਾ ਖਿੱਚ ਕੇ ਸੁਰ੪. ਜੇਡੀ ਬਣਾ ਦਿੱਤੀ!

ਮੇਰੇ ਅੰਦਰ ਦੇ ਸ਼ਿਵ ਜੀ ਦਾ ਅਜੇ ਵੀ ਕੰਠ ਨੀਲਾ ਹੈ!

ਮਿੱਤ-ਮੁਖੇ ਦੁਸ਼ਮਣ,

ਅਤੇ ਦੁਸ਼ਮਣ-ਮੁਖੇ ਮਿੱਤਰ –

ਚੁਫੇਰੇ ਦੇ ਅਨ੍ਹੇਰੇ ਚਾਨਣੇ ਅੰਦਰ,

ਅਸੰਗ, ਸੰਗੀ

ਉਮਰ ਦਾ ਜ਼ਹਿਰ ਪਈ ਚੂਸੇ ਮੇਰੇ ਅੰਦਰ ਦੀ ਵਿਸ਼-ਕੰਨਿਆਂ੫.!

ਧਰਮ ਹੈ ਜ਼ਹਿਰ ਦਾ ਆਪਣਾ,

ਧਰਮ ਅੰਮ੍ਰਿਤ ਦਾ ਵੀ ਆਪਣਾ!

ਕੰਵਲ ਨਿਰਲੇਪ ਦੀ ਜੜ੍ਹ ਵੀ ਹੈ ਧੁਰ ਚਿੱਕੜ ਦੇ ਵਿਚ ਰਹਿੰਦੀ!

ਮੇਰੇ ਫੁੱਲ ਦੀ ਮਹਿਕ ਵੀ ਓਸ ਟਹਿਣੀਂ ਤੋਂ ਪ੍ਰਾਪਤ ਹੈ,

ਧਰਮ ਇਸ ਸੂਲ ਮੇਰੀ ਦਾ ਜਿਹੜੀ ਟਹਿਣੀ ‘ਤੇ ਪਲਿਆ ਹੈ!

ਮੇਰੀ ਨਫਰਤ ਨਿਖੇੜੋ ਨਾ,

ਮੇਰੀ ਨਫਰਤ ‘ਚ ਮੇਰੀ ਹੋਂਦ ਦਾ ਆਕਾਰ ਢਲਿਆ ਹੈ!!!


 

੧. ਆਦਮ – ਬਾਬਾ ਆਦਮ(Adam)                            ੨. ਹੱਵਾ – ਮਾਈ ਹੱਵਾ(Eve)

੩. ਅਸੁਰ – ਰਾਖਸ਼ਿਸ਼     ੪. ਸੁਰ – ਦੇਵਤਾ    ੫. ਵਿਸ਼-ਕੰਨਿਆਂ – ਜ਼ਹਿਰ ਚੂਸਣ ਵਾਲੀ ਕੁੜੀ

 


੨. ਅਕੱਥ ਕਥਾ

ਸਿਰਜੇ ਜੀ! ਕੋਈ ਸਿਰਜੇ ਕਿਵੇਂ ਖਾਮੋਸ਼ੀ?

ਪਕੜੇ ਜੀ! ਕੋਈ ਪਕੜੇ ਕੀਕੂੰ

ਸ਼ਬਦਾਂ ਦੇ ਵਿਚ ਭਾਵਾਂ ਦੀ ਬੇਹੋਸ਼ੀ?

ਪਾਰੇ ਵਾਂਗ ਡਲ੍ਹਕਦਾ ਛਿਣ, ਛਿਣ,

ਅੱਖੀਆਂ ਨੂੰ ਚੁੰਧਿਆਵੇ!

ਬੇ-ਆਵਾਜ਼, ਆਵਾਜ਼ ‘ਚ ਛਿਣ, ਛਿਣ,

ਫੁੱਲ ਵਾਂਗੂੰ ਖਿੜ ਜਾਵੇ!

ਪਕੜੇ ਜੀ! ਕੋਈ ਪਕੜੇ ਕੀਕੂੰ

ਮਹਿਕਾਂ ਦੀ ਸਰਗੋਸ਼ੀ?

ਸ਼ਬਦਾਂ ਦੇ ਦਰ ਸੌੜੇ ਹਨ ਤੇ

ਕੱਦ ਅਰਥਾਂ ਦੇ ਉੱਚੇ!

ਬਹੁ-ਦਿਸ਼ਾਵੀ ਚੇਤੰਨ ਅਨੁਭਵ,

ਕਵਣ ਸੁ ਦਰ, ਜਿਤ ਢੁੱਕੇ?

ਸ਼ਬਦਾਂ ਬਾਝੋਂ ਅਰਥ, ਬੇ-ਅਰਥੇ,

ਮਰਦੇ ਵਿਚ ਨਮੋਸ਼ੀ!

ਕੰਜਕ ਅਉਧ ਤੇ ਨਿਰਛੁਹ ਕਾਇਆ,

ਭਾਵ ਮੇਰੇ ਗਰਭਾਏ!

ਭਰ ਸਰਵਰ ‘ਚੋਂ ਸੂਰਜ ਦਾ ਨਾਂ

ਪਰ-ਖਿਆਲਾਂ੧. ਦੇ ਸਵੈ-ਵਿਚਰਨ੨. ਵਿਚ

ਸ਼ੇਕ ਪਕੜਿਆ ਜਾਏ!

ਕਾਮ ਜਿਹੀ ਮਦਹੋਸ਼ੀ!

ਸੂਈਆਂ ਇਕ ਗੇੜੇ ਵਿਚ ਬੱਝੀਆਂ,

ਸਮੇਂ ਨੂੰ ਅੰਕੀ ਜਾਵਣ!

ਪਰ ਨਿਰ-ਅੰਕ੩. ਸਮੇਂ ਦੀਆਂ ਰਮਜ਼ਾਂ,

ਸੂਈਆ ‘ਚੋਂ ਲੰਘ ਜਾਵਣ!

ਇਸ ਤ੍ਰੈ-ਕਾਲੀ੪. ਪਰਵਾਹ ਵਿਚ, ਇਕ

ਜਾਣੀ ਹੋਈ ਫਰਾਮੋਸ਼ੀ!

ਕਿਸ ਹਉਮੈਂ ਦੀ ਸਬਲ ਸਾਧਨਾਂ,

ਨਿਰਬਲ ਕਿਸੇ ਨੇ ਕੀਤੀ?

ਕਿਸ ਤ੍ਰਿਪਤੀ ਨੇ, ਰੁੱਤ-ਗੇੜ ਵਿਚ,

ਤ੍ਰਿਸ਼ਨਾਂ ਦੀ ਲੋਅ ਡੀਕੀ?

ਯੁੱਗਾਂ ਦੀ ਅਕੱਥ ਕਥਾ ਹੈ,

ਛਿਣ, ਛਿਣ ਦੀ ਖਾਮੋਸ਼ੀ!

ਕੋਈ ਸਿਰਜੇ ਕਿਵੇਂ ਖਾਮੋਸ਼ੀ???


 

੧. ਪਰ-ਖਿਆਲਾਂ – ਦੂਜੇ ਦੇ ਖਿਆਲਾਂ        ੨. ਸਵੈ-ਵਿਚਰਨ – ਆਪਣੇ ਵਿਚ ਵਿਚਰਨ

੪. ਤ੍ਰੈ-ਕਾਲੀ – ਤਿੰਨ ਕਾਲਾਂ ਵਾਲੇ  ਜਾਂ ਭੂਤ, ਵਰਤਮਾਨ ਤੇ ਭਵਿੱਖ ਵਾਲੇ

੩. ਨਿਰ-ਅੰਕ – ਅੰਕਾਂ ਜਾਂ ਨੰਬਰਾਂ ਤੋਂ ਬਿਨਾਂ


 

੩. ਮੌਨ ਹਾਦਸੇ

ਕਿਸ ਤਰ੍ਹਾਂ ਹਵਾ ਨੂੰ ਕੋਈ ਬੰਨ੍ਹ ਬਹਾਏ?

ਰੁੰਡ ਬਿਰਛਾਂ ਹੇਠ ਪੱਤੇ ਸਰਸਰਾਏ,

ਕੰਨ ਖਾਂਦੇ ਪੱਤਝੜੀ ਸੰਗੀਤ ਦੀ,

ਭੁਰ ਰਹੀ ਇਸ ਰੁੱਤ ਤੋਂ,

ਜਾਂ ਬਚਕੇ ਆਪਣੇ ਆਪ ਤੋਂ,

ਅੱਜ ਕੋਈ ਕਿੱਥੇ ਨੂੰ ਜਾਏ?

ਚਿਮਨੀਆਂ ਦੇ ਨਾਗ-ਵਲ ਖਾਂਦੇ ਹੋਏ ਧੂਏਂ ਤੋਂ ਦੂਰ:

ਇਹ ਨਿਪੱਤਰੇ ਰੁੱਖ,

ਲੁੰਞੀ ਛਾਂ,

ਉਦਾਸੀ ਧੁੱਪ –

ਖੁਸ਼ਕ ਛੱਪੜ ‘ਚ ਡੁੱਬਦੀ ਚੁੱਪ ਵਿਚ,

ਸਮੇਂ ਦਾ ਇਕ ਛਿਣ ਹੀ ਜਾਪੇ,

ਫੈਲ ਕੇ ਰੁਕਿਆ ਹੋਇਆ!

ਜ਼ਿਹਨ ‘ਤੇ ਪਰਬਤ ਖਲਾਅ ਦਾ,

ਤਣ ਕੇ ਅੱਜ ਝੁੱਕਿਆ ਹੋਇਆ!

ਸਹਿਕਰਮੀਆਂ੧., ਸਹਿਧਰਮੀਆਂ੨. ਦੀ ਥਿਰ ਗਤੀ,

ਗ਼ਮਜ਼ਦਾ ਹਿਰਦੇ ਤੇ ਉੱਜੜੇ ਨੈਣ ਨਕਸ਼,

ਹੋਠ ਸੁੰਨੇ, ਸੁੰਨ ਖਿਆਲ;

ਖੋਖਲੇ ਮੂੰਹਾਂ ਦੀ ਊਣੀ ਬੋਲ ਚਾਲ –

ਕੌਣ ਨਹੀਂ ਜੁ ਜਜ਼ਬਿਆਂ ਦੀ ਦੇ ਬਲੀ,

ਬਣ ਰਿਹਾ ਅੱਜ ਏਸ ਰੁੱਤ ਦਾ ਹੀ ਭਿਆਲ੩.?

ਆਪਣੇ ਸਹਿਕਰਮੀਆਂ ਦੇ ਚਿਹਰਿਆਂ ਤੋਂ

ਇਸ ਤਰ੍ਹਾਂ ਲੱਗੇ ਜਿਵੇਂ ਇਕ ਦਿਨ ਹੀ,

ਆਪਣੇ ਆਪੇ ਨੂੰ ਹੈ ਦੁਹਰਾ ਰਿਹਾ!

ਇਕ ਦਿਨ ਦਾ ਇਹ ਸਫਰ ਹੀ ਬਾਰ, ਬਾਰ,

ਉਮਰ ਦੀ ਰੇਖਾ ਨੂੰ ਟੁਕ, ਟੁਕ ਖਾ ਰਿਹਾ

ਤੇ ਹਿਰਾਸੇ ਚਿਹਰਿਆਂ ‘ਤੇ,

ਭੈ ਵਿਚ ਤਣਿਆਂ ਹੋਇਆ

ਇਕ ਸਹਿਮ ਜਿਹਾ ਛਾ ਰਿਹਾ!

ਇਸ ਸਮੇਂ,

ਮਾਹੌਲ ਦੀ ਇਕਾਂਗਿਤਾ ‘ਚੋਂ ਨਿੰਮਦਾ,

ਮੌਨ ਉੱਤੇ ਮੌਨ ਧਾਰੀ, ਹਾਦਸੇ ‘ਤੇ ਹਾਦਸਾ –

ਅੰਦਰੇ ਅੰਦਰ ਹੀ ਜੀਵਨ ਨੂੰ ਜਿਵੇਂ,

ਰੋਗ ਧੀਮੀਂ ਮੌਤ੪. ਦਾ ਹੈ ਲਾ ਰਿਹਾ!

ਹਰ ਦ੍ਰਿਸ਼ ਜਦ ਜਾਪਦਾ ਨਜ਼ਰਾਂ ਨੂੰ ਸੂਲ,

ਐ ਮੇਰੀ ਸੱਜਣੀ ਤੂੰ ਮੈਥੋਂ ਦੂਰ ਹੈਂ!

ਏਸ ਰੁੱਤੇ –

ਸ਼ੁਕਰ ਹੈ ਕਿ


 

੧. ਸਹਿਕਰਮੀਆਂ – Colleagues                    ੨. ਸਹਿਧਰਮੀਆਂ – ਹਮ-ਖਿਆਲ਼

੩. ਭਿਆਲ – Partner                          ੪.  ਧੀਮੀਂ ਮੌਤ – Slow death


 

੪.ਧੂੰਆਂ

ਹੋਂਦ੧. ਆਪਣੀ ਨੂੰ ਮੈਂ ਸਮਝਣ

ਦਾ ਯਤਨ ਫਿਰ ਕਰ ਰਿਹਾ ਹਾਂ

ਫੇਰ ਧੂੰਆਂ ਫੜ ਰਿਹਾ ਹਾਂ!

ਪਿਛਲੀਆਂ ਪੈੜਾਂ,

ਤੁਰਦੇ ਪੈਰਾਂ,

ਆਉਣ-ਸਮੇਂ ਵਲ ਜਾਂਦੀਆਂ ਨਜ਼ਰਾਂ,

ਇਕ ਚੌਖਟ ਵਿਚ ਜੜ ਰਿਹਾ ਹਾਂ!

ਜੀਵਨ ਤੋਂ ਮੈਂ ਸੱਖਣਾਂ ਵੀ ਨਾਂ,

ਨਾਂ ਹੀ ਮੌਤ-ਵਿਹੂਣਾ ਜਾਪਾਂ,

ਕਿਸ ‘ਵਸਥਾ੨. ਨੂੰ ਵਰ ਰਿਹਾ ਹਾਂ?

ਮਿੱਟੀਓਂ ਉੱਸਰੀ ਸਿਖਰ ਦੇ ਉੱਤੋਂ –

ਝਰਨਾਂ ਹਾਂ ਇਕ,

ਝਰ ਰਿਹਾ ਹਾਂ!

ਪਰਬਤ ਹਾਂ ਇਕ,

ਖਰ ਰਿਹਾ ਹਾਂ!

ਕੁਲ ਪ੍ਰਿਥਵੀ ਰੰਗ-ਭੂਮੀਂ ਮੇਰੀ,

ਹਵਾ ਵਾਂਗ ਸਾਹਾਂ ਦੀ ਕਿਰਿਆ,

ਅਣ, ਕਣ ‘ਤੇ ਮੈਂ ਧਰ ਰਿਹਾ ਹਾਂ!

ਉਮਰ ਦੀ ਪ੍ਰਕ੍ਰਿਤੀ ਨੂੰ ਸ਼ਾਇਦ,

ਸ਼ਬਨਮ ਦੀ ਹੋਣੀ ‘ਚੋਂ ਪਕੜਨ

ਦਾ ਯਤਨ ਵੀ ਕਰ ਰਿਹਾ ਹਾਂ!

ਫੇਰ ਧੂੰਆਂ ਫੜ ਰਿਹਾ ਹਾਂ!!!


 

੧. ਹੋਂਦ – ਅਸਤਿਤਵ(Existence)            ੨. ‘ਵਸਥਾ – ਅਵਸਥਾ, ਹਾਲਤ


੫. ਪ੍ਰਕਰਮਾਂ

ਸੱਜਣਾਂ ਜੀ! ਅਸੀਂ ਫੇਰ ਤਿਹਾਏ!

ਹਰ ਪਲ ਬੀਤੇ, ਬੀਤ ਬੀਤ ਕੇ,

ਤੇਹ ਆਪਣੀ ਦੁਹਰਾਏ!

ਤੇਹ ਦੀ ਤ੍ਰਿਪਤੀ ਜੇ ਹੋ ਜਾਵੇ,

ਕੁਲ ਜ਼ਿੰਦਗੀ ਰੁਕ ਜਾਏ!

ਤੇਹ ਵਿਚ ਅਮਲ, ਅਮਲ ਵਿਚ ਤੇਹ ਹੈ,

ਤੇਹ ਤ੍ਰਿਪਤੀ ਭਰਮਾਏ!

ਸ਼ੱਜਣਾ ਜੀ! ਅਸੀਂ ਫੇਰ ਤਿਹਾਏ!

ਆਪਣੀ ਧੁਰੀ ਦੁਆਲੇ ਘੁੰਮ, ਘੁੰਮ,

ਪਵੇ ਨਾਂ ਧਰਤੀ ਮਾਂਦੀ!

ਬੀਤੇ ਰਾਹ ‘ਤੇ ਜਿਉਂ ਜਿਉਂ ਜ਼ਿੰਦਗੀ,

ਸੱਜਰੇ ਕਦਮ ਟਿਕਾਂਦੀ,

ਤਿਉਂ, ਤਿਉਂ ਆਪਣੀ ਪ੍ਰਕਰਮਾਂ ਦੇ,

ਅਰਥ ਵੀ ਬਦਲੀ ਜਾਏ!

ਸ਼ੱਜਣਾਂ ਜੀ ਅਸੀਂ ਫੇਰ ਤਿਹਾਏ!

ਦਿਹੁੰ ਰਾਤ ਦੋਏਂ ਕਰਮ ‘ਚ ਬੱਝੇ,

ਆਵਣ ਵਾਰੋ ਵਾਰੀ!

ਬਿਣਸ ਬਿਣਸ ਕੇ, ਵਿਗਸ, ਵਿਗਸ ਕੇ,

ਬਣਸਪਤਿ ਨਾਂ ਹਾਰੀ!

ਨਿਸਦਿਨ ਸੂਰਜ-ਰੇਖਾ ਭੋਂ ‘ਚੋਂ,

ਭੇਦ ਨਵਾਂ ਕੋਈ ਪਾਏ!

ਸੱਜਣਾ ਜੀ! ਅਸੀਂ ਫੇਰ ਤਿਹਾਏ!

ਇਸ ਬਿੰਦੂ ਤੋਂ ਦੋਵੇਂ ਰੇਖਾਂ,

ਜਿਉਂ ਜਿਉਂ ਵਧਦੀਆਂ ਪਈਆਂ!

ਤਿਉਂ ਤਿਉਂ ਏਸ ਕੋਨ ਦੀਆਂ ਨਜ਼ਰਾਂ,

ਚੌੜੀਆਂ ਹੁੰਦੀਆਂ ਗਈਆਂ!

ਇਸ ਵਿਸ਼ਵਾਸ ਦੀਆਂ ਬਾਹਾਂ ਵਿਚ,

ਸੱਭੇ ਯੁੱਗ ਸਮਾਏ!

ਸ਼ੱਜਣਾ ਜੀ! ਅਸੀਂ ਫੇਰ ਤਿਹਾਏ!!!

੬. ਤਸਵੀਰ

ਕਈ ਦਿਨ ਤੋਂ ਇਹ ਚਿੜੀ ਵਿਚਾਰੀ,

ਨਾ ਕੁਝ ਖਾਂਦੀ, ਨਾਂ ਕੁਝ ਪੀਂਦੀ!

ਸ਼ੀਸ਼ੇ ਦੇ ਵਿਚ,

ਅਕਸ ਆਪਣਾ ਵੇਖ, ਵੇਖ ਕੇ,

ਸ਼ੀਸ਼ੇ ਉੱਤੇ ਠੂੰਗੇ ਮਾਰੇ!

ਅਣ-ਛਿੜੀਆਂ ਬਾਤਾਂ ਨੂੰ ਆਪੇ ਭਰੇ ਹੁੰਗਾਰੇ!

ਸ਼ੀਸ਼ਾ ਤਾਂ ਇਕ ਥਲ ਦੀ ਨਿਅਈਂ!

ਚਿੜੀ ਵਿਚਾਰੀ ਇਹ ਕੀ ਜਾਣੇ:

ਅਕਸ ਭਲਾ ਕੀ ਤੇਹ ਮੇਟਣਗੇ?

ਅਕਸ ਭਲਾ ਕੀ ਨਿੱਘ ਦੇਵਣਗੇ?

ਵਿੱਠਾਂ ਦੇ ਨਾਲ ਭਰਿਆ ਸ਼ੀਸ਼ਾ,

ਖੰਡਰਾਂ ਦੀ ਵਿਥਿਆ ਦਾ ਹਾਣੀ ਬਣਿਆਂ ਜਾਪੇ!

ਚਿੜੀ ਵਿਚਾਰੀ,

ਨਾ ਕੁਝ ਖਾਂਦੀ, ਨਾ ਕੁਝ ਪੀਂਦੀ!

ਠੂੰਗੇ ਮਾਰ, ਮਾਰ, ਵਿਚਾਰੀ,

ਅੱਧ-ਮੋਈ ਪਈ ਪਾਸੇ-ਪਰਨੇ!

ਖੁੱਲ੍ਹੀਆਂ ਅੱਖਾਂ ਰੂਪ ਪਛਾਣਨ!

ਚੁੰਜ ਨਾਲ ਚੁੰਜ ਪਰਸਦੀ ਪਈ ਹੈ!

ਮਨ ਦੀ ਹਾਲਤ ਅਜਬ ਜਿਹੀ ਹੈ!

ਸ਼ੀਸ਼ੇ ਕੋਲ ਮੇਰੀ ਪ੍ਰਿਤਮਾਂ ਦੀ,

ਇਕ ਤਾਜ਼ਾ ਤਸਵੀਰ ਪਈ ਹੈ!!!

੭. ਅਗਰਬੱਤੀ

ਧੁਖ ਰਹੀ ਹੈ ਅਗਰਬੱਤੀ,

ਫੇਰ ਅੱਜ ਕਮਰੇ ਦੇ ਵਿਚ!

ਮਹਿਕ ਚੰਦਨ ਦੀ,

ਜਿਵੇਂ ਹੈ ਆ ਰਹੀ!

ਸੋਚਦਾਂ, ਕੀ

ਏਸ ਕਮਰੇ ਵਿਚ ਹੈ ਇਸਦਾ ਵਜੂਦ?

ਧੁਖਣ ਹੈ ਜਜ਼ਬਾਤ ਦੀ ਤੇ

ਸੜਨ ਹੈ ਅਹਿਸਾਸ ਦੀ!

ਸ਼ੇਕ ਹੈ ਨਫਰਤ ਜਿਹੀ ਦਾ,

ਏਸ ਚੌਗਿਰਦੇ ਵਿਰੁੱਧ!

ਚਾਰ-ਦੀਵਾਰੀ ਵਿਰੁੱਧ!

ਸਿਸਕ ਰਹੇ ਜਜ਼ਬਾਤ ਇਸਦੇ,

ਵੈਣ ਜਿਹੇ, ਧੂੰਏਂ ਦੇ ਵਿਚ,

ਗੀਤ ਕਹਿ ਲਓ ਇਨ੍ਹਾਂ ਨੂੰ!!!

ਹੋਰ ਕੀ ਹੈ?

“ਬੁਝਣ ਤੋਂ ਚੰਗਾ ਹੈ ਧੁਖਣਾ”,

ਹਠ ਇਸ ਦਾ,

ਆਖ ਕੇ, ਧੁਖਦਾ ਪਿਆ ਹੈ!

ਆਖਿਆ ਸੀ, ਤੂੰ ਕਦੇ –

ਸ਼ੱਜਣੀ ਮੇਰੀ,

ਐ ਮੇਰੀ ਪ੍ਰੀਤਮਾਂ :

“ਹੈ ਜ਼ਿੰਦਗੀ ਚੰਦਨ ਦਾ ਰੁੱਖ!”

ਜਾਪਦਾ ਹੈ ਇਸ ਤਰ੍ਹਾਂ,

ਜਿਉਂ ਯਾਦ ਤੇਰੇ ਕਥਨ ਦੀ,

ਧੂੰਏਂ ‘ਚ ਘੁਲਦੀ ਜਾ ਰਹੀ!

ਧੁਖ ਰਹੀ ਹੈ ਅਗਰਬੱਤੀ,

ਫੇਰ ਅੱਜ ਕਮਰੇ ਦੇ ਵਿਚ,

ਮਹਿਕ ਚੰਦਨ ਦੀ ਹੈ

ਤਾਂਈਓਂ ਆ ਰਹੀ!!!

Leave a Reply

Your email address will not be published. Required fields are marked *