ਰਵਿੰਦਰ ਰਵੀ
ਨਿਹੋਂਦ ਦਾ ਗੀਤ: Song of Nothingness
ਫੁੱਲਾਂ ਵਿਚ ਰੰਗ ਨਹੀਂ ਦਿਸਦੇ,
ਮਹਿਕਾਂ ਨੇ ਵੀ ਨਜ਼ਰ ਚੁਰਾਈ ਏ।
ਸਿਖਰਾਂ ਤੋਂ ਟੁੱਟੇ ਸੂਰਜ ਦੀ,
ਅੱਜ ਕੈਸੀ ਇਹ ਰੁਸ਼ਨਾਈ ਏ?
ਅੱਖਾਂ ਵਿਚ ਅੰਬਰ ਸੁਕੜ ਗਏ।
ਸਭ ਰਸਤੇ ਸਾਥੋਂ ਵਿਛੜ ਗਏ।
ਗੁੰਝਲ ਵਿਚ ਸਭ ਦਿਸ਼ਾਵਾਂ ਨੇ,
ਚਿੰਤਨ ਨੇ ਨਜ਼ਰ ਭੁਆਈ ਏ।
ਬਾਹਰ ਵੀ ਤੁਰਿਆ ਨਹੀਂ ਜਾਂਦਾ,
ਅੰਦਰ ਵੀ ਮੁੜਿਆ ਨਹੀਂ ਜਾਂਦਾ।
ਇਸ ਹੋਂਦ, ਨਿਹੋਂਦ ਦੀ ਟੱਕਰ ਵਿਚ,
ਇਹ ਕੈਸੀ ਰੁੱਤ ਖਲਾਈ ਏ!
ਸ਼ਬਦਾਂ ਵਿਚ ਅਣ ਬਣ ਹੋ ਗਈ ਏ,
ਸ਼ੋਰਾਂ ਵਿਚ ਚੁੱਪ ਖੜੋ ਗਈ ਏ।
ਕੋਈ ਚੀਜ਼ ਵੀ ਆਪਣੇ ਥਾਂ ਸਿਰ ਨਹੀਂ,
ਗਰਦਸ਼ ਵਿਚ ਕੁਲ ਲੋਕਾਈ ਏ!
ਫੁੱਲਾਂ ਵਿਚ ਰੰਗ ਨਹੀਂ ਦਿਸਦੇ,
ਮਹਿਕਾਂ ਨੇ ਵੀ ਨਜ਼ਰ ਚੁਰਾਈ ਏ।
ਸਿਖਰਾਂ ਤੋਂ ਟੁੱਟੇ ਸੂਰਜ ਦੀ,
ਅੱਜ ਕੈਸੀ ਇਹ ਰੁਸ਼ਨਾਈ ਏ?