ਰਵਿੰਦਰ ਰਵੀ
ਨਿੱਕੀਆਂ ਨਿੱਕੀਆਂ ਗੱਲਾਂ – ੧
ਨਿੱਕੀਆਂ ਨਿੱਕੀਆਂ ਗੱਲਾਂ ਵਿਚ
ਵੱਡੀ ਸਾਰੀ ਉਮਰ ਬੀਤ ਚੱਲੀ ਹੈ!
ਤੇਰਾ ਸੁਭਾ ਨਹੀਂ ਬਦਲਿਆ
ਨਾਂ ਹੀ ਬਦਲਣ ਵਿਚ, ਤੂੰ ਮੇਰੀ
ਮਦਦ ਕੀਤੀ ਹੈ!
ਮੈਂ ਅਜੇ ਵੀ
ਚੁੱਲ੍ਹੇ ਉੱਤੇ ਪਾਣੀ ਰੱਖ ਕੇ ਭੁੱਲ ਜਾਂਦਾ ਹਾਂ
ਤੇ ਤੂੰ ਅਜੇ ਵੀ
ਭਾਫ ਬਣੇ ਪਾਣੀ ਬਾਅਦ,
ਸੁਰਖ ਹੋਏ ਪਤੀਲੇ ਵਾਂਗ,
ਤਪ ਜਾਂਦੀ ਹੈਂ,
ਹਰ ਦਿਨ ਇਕ ਨਵਾਂ ਰਣ ਬਨਣ ਲਈ!
ਤੈਨੂੰ ਬਲਦੇ ਛੱਡੇ ਬਲਬ ਦੇ
ਵਿਅਰਥ ਹੋ ਰਹੇ ਚਾਨਣ
ਜਾਂ ਬਿਜਲੀ ਦੇ ਬਿਲ ਦੇ ਵਧਣ
ਦੀ ਏਨੀਂ ਚਿੰਤਾ ਨਹੀਂ,
ਜਿੰਨੀ ਏਸ ਗੱਲ ਦੀ, ਕਿ
ਮੇਰੇ ਸਿਰ ਇਕ ਹੋਰ ਗੋਲ ਕਿਉਂ ਨਹੀਂ ਹੋਇਆ?
ਮੈਂ ਤਾਂ ਇਹ ਹੀ ਚਾਹਿਆ ਸੀ ਸਦਾ, ਕਿ
ਤੂੰ ਮੇਰੀਆਂ ਅੱਖੀਆਂ ਵਿਚ
ਬੇਖੌਫ ਹੋ ਕੇ ਵੇਖੇਂ ਤੇ ਕਹੇਂ:
“ਆਪਣੇ ਅੰਦਰਲੇ ਅਪਰਾਧੀ ਨੂੰ
ਮੇਰੇ ਹਵਾਲੇ ਕਰ,
ਇਸ ਨੂੰ ਤਾ-ਉਮਰ
ਆਪਣੀ ਮੁਹੱਬਤ ਦੀ ਸਜ਼ਾ ਦਿਆਂ!”
ਪਰ ਨਹੀਂ,
ਤੂੰ ਤਾਂ ਆਪਣੀਆਂ ਪਲਕਾਂ ਦੇ
ਘੁੰਡ ਉਹਲਿਓਂ ਹੀ ਨਾਂ ਨਿਕਲੀ
ਤੇ………..
ਵਿੱਚੇ ਵਿਚ ਇਕ ਲੀਕ ਖਿੱਚ ਲਈ!
ਇਹ ਜਾਣਦਿਆਂ, ਕਿ
ਤਰੇੜਾਂ ਵਰਗੀਆਂ ਲੀਕਾਂ ਵਿਚ
ਤਿੜਕੀ ਹੋਈ ਹੋਂਦ ਵਸਦੀ ਹੈ –
ਤੇ………..
ਇਸ ਲਈ ਕਿ ਤੇਰੀਆਂ ਲੀਕਾਂ
ਤਰੇੜਾਂ ਨਾਂ ਬਨਣ,
ਮੈਂ ਇਨ੍ਹਾਂ ਲਈ
ਸੱਚ ਵਰਗੇ ਕਈ ਭਰਮ ਸਿਰਜ ਲਏ:
ਬੱਚੇ, ਮਿੱਤਰ, ਰਿਸ਼ਤੇਦਾਰ,
ਵਾਕਫ,
ਤਾ ਕਿ
ਮੇਲੇ ਜਿਹੇ ਵਿਚ
ਤੇਰਾ ਦਿਲ ਲੱਗਾ ਰਹੇ!!!
ਤੇਰਾ ਰਿਸ਼ਤਿਆਂ ਦੇ ਜੰਗਲ ਵਿਚ
ਗੂੰਮ ਗੁਆਚ ਜਾਣਾਂ
ਚੰਗਾ, ਚੰਗਾ ਲੱਗਦਾ ਸੀ
ਕਿਉਂਕਿ………
ਗੁੰਮਸ਼ੁਦਾ ਨੂੰ ਤਾਂ ਲੱਭਿਆ ਜਾ ਸਕਦਾ ਹੈ,
ਪਰ ਟੁੱਟੇ ਹੋਏ ਨੂੰ ਜੋੜਿਆ ਨਹੀਂ!
ਮਿੱਟੀ ਦਾ ਵਜੂਦ ਹਾਂ,
ਜਾਣਦਾ ਹਾਂ:
ਕਿ ਤਿੜਕੇ ਹੋਏ ਬਰਤਨ
ਟੁੱਟ ਤਾਂ ਸਕਦੇ ਹਨ,
ਜੁੜ ਨਹੀਂ ਸਕਦੇ!
ਮੈਥੋਂ ਅਜੇ ਵੀ
ਚਾਹ ਦੇ ਕੱਪ ਵਿਚ ਪਾਉਂਦਿਆਂ,
ਮੇਜ਼ ਉੱਤੇ,
ਖੰਡ ਖਿੱਲਰ ਜਾਂਦੀ ਹੈ!
ਮੇਰੇ ਖਿੱਲਰਣ ਨਾਲ,
ਤੂੰ ਆਪਣੇ ਅੰਦਰ
ਹੋਰ ਵਧੇਰੇ ਬੱਝ ਜਾਂਦੀ ਹੈਂ,
ਪੀਡੀ ਗੱਠੜੀ, ਗੋਲ ਗੰਢ ਵਾਂਗ!
ਕਿਉਂ ਨਹੀਂ ਆਖਦੀ, ਤੂੰ…..
ਖੁੱਲ੍ਹ ਕੇ……
ਕਿ, ਮੈਂ ਬੜਾ ਬੇਵਫਾ ਹਾਂ –
ਘਰ ਵਲ ਨਜ਼ਰ ਨਹੀਂ ਕਰਦਾ,
ਬਾਹਰ ਦੀ ਮਹਿਕ ਵੱਲ
ਭੱਜਦਾ, ਭਟਕਦਾ ਹਾਂ!
ਤੂੰ ਆਖਕੇ ਤਾਂ ਵੇਖ,
ਮੈਂ ਤੇਰੇ ਨਾਲ ਕਿਵੇਂ ਜੁੜਦਾ ਹਾਂ!
ਨਿੱਕੀਆਂ, ਨਿੱਕੀਆਂ ਗੱਲਾਂ ਵਿਚ
ਵੱਡੀ ਸਾਰੀ ਉਮਰ ਬੀਤ ਚੱਲੀ ਹੈ!!!