ਰਵਿੰਦਰ ਰਵੀ
ਇਕ ਨਵੇਂ ਜਿਸਮ ਦੀ ਤਲਾਸ਼
ਇਸ਼ਕ ਤਾਂ ਹਰ ਉਮਰ ਵਿਚ
ਸੰਭਵ ਹੈ!
ਪਹਿਲਾਂ ਜਿਸਮ ਖੋਦ ਕੇ,
ਰੂਹ ਲੱਭਦੇ ਰਹੇ,
ਹੁਣ ਰੂਹ ਖੋਦ ਕੇ,
ਜਿਸਮ ਲੱਭਦੇ ਹਾਂ!
ਉਮਰ, ਉਮਰ ਦਾ ਤਕਾਜ਼ਾ ਹੈ!
ਜਿਸ ਉਮਰ ਵਿਚ,
ਇਹ ਦੋਵੇਂ ਸੁਲੱਭ ਸਨ,
ਸੰਤੁਲਨ ਮੰਗਦੇ ਸਨ,
ਪ੍ਰਸਪਰ ਸਮਝ-ਸਾਲਾਹ ਦਾ –
ਰੂਹ ‘ਚੋਂ ਜਿਸਮ,
ਜਿਸਮ ‘ਚੋਂ ਰੂਹ,
ਪਿੰਡ, ਬ੍ਰਹਿਮੰਡ
ਵੱਲ ਖੁੱਲ੍ਹਦੇ ਹਰ ਰਾਹ ਦਾ –
ਉਸ ਉਮਰ ਵਿਚ,
ਬੇੜੀਆਂ ਦੇ ਬਾਦਬਾਨ ਤਣ ਗਏ –
ਕੰਢਿਆਂ,
ਟਾਪੂਆਂ ਦੀ ਇਕ-ਰਸੀ ਤੋਂ ਬੋਰ ਹੋਏ,
ਹਵਾਵਾਂ ਦੇ ਰੁਖ,
ਉਲਝਣ, ਸੁਲਝਣ,
ਭਟਕਣ, ਮੰਜ਼ਲ
ਦੇ ਆਤਮ-ਵਿਰੋਧ ਨਾਲ ਜੂਝਦੇ –
ਨਿਰੰਤਰ ਤੁਰੇ ਰਹਿਣ ਦਾ ਹੀ,
ਜੀਵਨ-ਦਰਸ਼ਨ ਬਣ ਗਏ!
ਤੇ ਹੁਣ,
ਧੌਲੀਆਂ ਝਿੰਮਣੀਆਂ ‘ਚੋਂ,
ਇਕ ਨਿਰੰਤਰ ਢਲਵਾਨ ਦਿਸਦੀ ਹੈ,
ਦੂਰ ਪਾਤਾਲ ਦੇ,
ਇਕ ਵਿਸ਼ਾਲ
‘ਨ੍ਹੇਰ-ਬਿੰਦੂ ਵਿਚ ਸਿਮਟਦੀ!
ਇਸ ‘ਨ੍ਹੇਰ-ਬਿੰਦੂ ਦੇ ਸਨਮੁਖ,
ਰੂਹ ਖੋਦਦੇ, ਨਿਸਦਿਨ,
ਇਕ ਨਵਾਂ ਜਿਸਮ ਢੂੰਡਦੇ ਹਾਂ!!!