ਰਵਿੰਦਰ ਰਵੀ
*੧.ਗੈਂਗ ਰੇਪ
– *੨.ਦਸੰਬਰ 16, 2012 ਨੂੰ, ਦਿੱਲੀ (ਭਾਰਤ) ਵਿਚ ਹੋਇਆ, ਬੱਸ ਗੈਂਗ ਰੇਪ: ਇਕ ਪ੍ਰਤਿਕਰਮ –
ਔਰਤ,
ਇਕ ਸਰੀਰ ਹੀ ਨਹੀਂ,
ਇਕ ਰਿਸ਼ਤਾ ਵੀ ਹੈ।
ਔਰਤ,
ਜ਼ਿੰਦਗੀ ਦਾ ਜਨਮ-ਦੁਆਰ ਹੈ,
ਹੁਸਨ, ਇਸ਼ਕ ਤੇ ਪਿਆਰ ਹੈ।
ਔਰਤ, ਮਾਂ ਹੈ,
ਜਨਮ ਦਿੰਦੀ ਹੈ।
ਮਾਂ ਦੇ ਮੰਮਿਆਂ ਵਿਚ,
ਦੁੱਧ ਦੀ ਨਦੀ ਵਹਿੰਦੀ ਹੈ।
ਧੀ, ਪੁੱਤ ਦੀ ਸੁਰੱਖਿਆ ਲਈ,
ਉਸਦੀਆਂ ਅੱਖਾਂ ਵਿਚ,
ਹਰ ਸਮੇਂ ਹੀ, ਇਕ ਜੋਤ ਜੱਗਦੀ ਰਹਿੰਦੀ ਹੈ।
ਔਰਤ, ਭੈਣ ਹੈ,
ਹਰ ਹਾਲ ਵਿਚ, ਵੀਰ ਦੀ ਮੌਤ ਮਰਦੀ,
ਉਸਦੀ ਸੁੱਖ ਮੰਗਦੀ ਹੈ।
ਔਰਤ, ਪਤਨੀ ਹੈ,
ਕੁਲ ਤੇ ਕਾਲ ਨੂੰ ਅੱਗੇ ਤੋਰਦੀ ਹੈ,
ਅੱਜ ਨੂੰ,
ਕੱਲ੍ਹ ਤੇ ਭਲਕ ਨਾਲ ਜੋੜਦੀ ਹੈ।
ਔਰਤ, ਪ੍ਰੇਮਿਕਾ ਹੈ,
ਤੁਹਾਡੀਆਂ ਅੱਖਾਂ ਵਿਚ ਵੇਖ ਕੇ,
ਅੰਬਰ ਨੂੰ ਹੋਰ ਨੇੜੇ,
ਤੁਹਾਡੀ ਪਹੁੰਚ ਵਿਚ ਕਰ ਦਿੰਦੀ ਹੈ।
ਗੈਂਗ ਰੇਪ ਕਰਨ ਵਾਲਿਓ!
ਤੁਸੀਂ ਮਨੁੱਖਤਾ ਨਾਲ,
ਕੁਹਜਾ ਤੇ ਹਿੰਸਕ ਵਿਸਾਹਘਾਤ ਕੀਤਾ ਹੈ।
ਆਪਣੀ ਮਾਂ, ਧੀ, ਪਤਨੀ, ਭੈਣ ਤੇ ਪ੍ਰੇਮਿਕਾ,
ਸਭ ਦਾ,
ਬਲਾਤਕਾਰ ਕੀਤਾ ਹੈ।
ਪਸ਼ੂ ਪੰਛੀ ਤੇ ਹੋਰ ਜੀਵ ਵੀ,
ਨੇੜੇ ਦੇ ਰਿਸ਼ਤੇ ਪਹਿਚਾਣਦੇ ਹਨ।
ਤੁਹਾਨੂੰ ਪਸ਼ੂ ਆਖਣਾਂ ਵੀ,
ਪਸ਼ੂਆਂ ਦਾ ਨਿਰਾਦਰ ਹੈ!!!
*੧.ਗੈਂਗ ਰੇਪ(Gang Rape) – ਸਾਮੂਹਿਕ ਬਲਾਤਕਾਰ
*੨. ਦਸੰਬਰ ੧੬, ੨੦੧੨ ਨੂੰ, ਦਿੱਲੀ(ਭਾਰਤ) ਵਿਖੇ, ਇਕ ਚੱਲਦੀ ਹੋਈ ਬੱਸ ਵਿਚ, ੬ ਵਿਅਕਤੀਆਂ ਨੇ, ੨੩ ਸਾਲਾ
ਵਿੱਦਿਆਰਥਣ ਦਾ ਸਾਮੂਹਿਕ ਬਲਾਤਕਾਰ ਕੀਤਾ। ਕੁੜੀ ਦੇ ੨੮ ਸਾਲਾ ਮਿੱਤਰ-ਮੁੰਡੇ ਨੂੰੰ ਕੁੱਟ ਮਾਰਕੇ ਬੇਹੋਸ਼
ਕਰ ਦਿੱਤਾ ਗਿਆ। ਇਨ੍ਹਾਂ ਦੋਂਹਾਂ ਉੱਤੇ, ਲੋਹੇ ਦੇ ਸਰੀਏ ਜਾਂ ਰੌਡ ਨਾਲ, ਤਸ਼ੱਦਦ ਵੀ ਕੀਤਾ ਗਿਆ। ਇਨ੍ਹਾਂ ਨੂੰ
ਲੁੱਟਕੇ, ਇਨ੍ਹਾਂ ਦੇ ਕਪੜੇ ਵੀ ਲਾਹ ਲਏ ਗਏ। ੩੦-੪੦ ਕੁ ਮਿੰਟਾਂ ਬਾਅਦ, ਚੱਲਦੀ ਬੱਸ ਵਿੱਚੋਂ , ਇਨ੍ਹਾਂ ਨੂੰ ਬਾਹਰ
ਸੁੱਟ ਦਿੱਤਾ ਗਿਆ।
ਪੋਸਟ-ਸਕ੍ਰਿਪਟ: ੨੬ ਦਸੰਬਰ ਨੂੰ, ਇਸ ਲੜਕੀ ਨੂੰ ਦਿੱਲੀ ਦੇ ਸਫਦਰ ਜੰਗ ਹਸਪਤਾਲ ਤੋਂ, ਇਲਾਜ ਵਾਸਤੇ, ਸਿੰਘਾਪੁਰ
ਦੇ ਮਾਊਂਟ ਅਲੈਜ਼ਬਥ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ੨੯ ਦਸੰਬਰ, ੨੦੧੨ ਨੂੰ , ਉਸ ਦੀ ਮੌਤ ਹੋ ਗਈ। ਇਹ
ਕਵਿਤਾ ਉਸ ਦੀ ਮੌਤ ਤੋਂ ਪਹਿਲਾਂ ਲਿਖੀ ਗਈ ਸੀ ਅਤੇ “ਸੂਹੀ ਸਵੇਰ” (www.suhisaver.org) ਤੇ
“ਲਿਖਾਰੀ” (www.likhari.org) ਵਿਚ ਛਪ ਵੀ ਚੁੱਕੀ ਸੀ।ਪੱਛਮ ਵਾਂਗ ਹੀ, ਭਾਰਤ ਵਿਚ ਵੀ, ਬਲਾਤਕਾਰ, ਕਤਲ ਤੇ ਹੋਰ
ਹਿੰਸਾਤਮਿਕ ਘਟਨਾਵਾਂ ਦੀ ਦਰ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ।