“ਚੱਕ੍ਰਵਯੂਹ ਤੇ ਪਿਰਾਮਿਡ”: ਇਕ ਨਵਾਂ ਪ੍ਰਯੋਗ
ਡਾ. ਨਿਰਮਲ ਜੌੜਾ
ਲੇਖਕ: ਰਵਿੰਦਰ ਰਵੀ – ਪ੍ਰਕਾਸ਼ਕ: ਨੈਸ਼ਨਲ ਬੁਕਸ਼ਾਪ, ਦਿੱਲੀ, ਮੁੱਲ: 240 ਰੁਪਏ, ਪੰਨੇ: 192
“ਚੱਕ੍ਰਵਯੂਹ ਤੇ ਪਿਰਾਮਿਡ” ਰਵਿੰਦਰ ਰਵੀ ਦਾ ਬਾਰ੍ਹਵਾਂ ਕਾਵਿ-ਨਾਟਕ ਹੈ, ਜਿਸ ਨੂੰ ‘ਰੰਗਮੰਚੀ
ਰੰਗ ਤਮਾਸ਼ੇ’ ਦੇ ਰੂਪ ਵਿਚ ਸਿਰਜਿਆ ਗਿਆ ਹੈ! ਇਸ ਨਾਟਕ ਦੇ ਦਸ ਦ੍ਰਿਸ਼, ਦਸ ਲਘੂ ਨਾਟਕਾਂ ਦੇ
ਰੂਪ ਵਿਚ ਵੀ ਉੱਭਰਦੇ ਹਨ! ਇਕ ਸਾਂਝੇ ਥੀਮ-ਗੀਤ ਦੇ ਨਾਲ ਸਾਰੇ ਦੇ ਸਾਰੇ ਦ੍ਰਿਸ਼ ਆਪਣੀ-ਆਪਣੀ
ਵਿਅਕਤੀਗਤ ਹੋਂਦ ਵੀ ਰੱਖਦੇ ਹਨ ਅਤੇ ਥੀਮ-ਗੀਤ ਦੇ ਨਾਲ ਸਾਂਝਾ ਪ੍ਰਭਾਵ ਵੀ ਸਿਰਜਦੇ ਹਨ! ਉੰਜ
ਸਮੁੱਚੇ ਨਾਟਕ ਦੇ “ਚੱਕ੍ਰਵਯੂਹ” ਅਤੇ “ਪਿਰਾਮਿਡ”, ਦੋ ਪ੍ਰਤੀਕ ਉਸਾਰੇ ਗਏ ਹਨ!
ਵੱਖ ਵੱਖ ਦ੍ਰਿਸ਼ਾਂ ਵਿਚ ਪਾਤਰ ‘ਇੱਕ’, ‘ਦੋ’, ‘ਤਿੰਨ’….’ਮੁੰਡਾ’, ‘ਕੁੜੀ’, ‘ਮਰਦ’, ਔਰਤ’,
‘ਕਲਾਕਾਰ’, ‘ਕਲਾਕਾਰ-੨’ ਆਦਿ…..ਨਾਟਕ ਦੀ ਕਹਾਣੀ ਨੂੰ ਅੱਗੇ ਤੋਰਦੇ ਹਨ – ਕਾਵਿਕ ਵਾਰਤਾਲਾਪ
ਸਿਰਜਦੇ ਹਨ, ਥੀਮ-ਗੀਤ ਦੇ ਦੁਆਲੇ ਘੁੰਮਦੇ, ਨਾਟਕਕਾਰ ਵਲੋਂ ਸਿਰਜੇ ਦਾਇਰੇ ਵਿਚ ਰਹਿੰਦੇ ਹਨ!
ਥੀਮ-ਗੀਤ ਨਾਟ-ਵਿਸ਼ੇ ਦੀ ਵਿਸ਼ਾਲਤਾ ਉਜਾਗਰ ਕਰਦਾ ਹੈ:
ਐ ਸੂਰਜ ਦੀ ਚੇਤੰਨ ਸ਼ੁਆਓ,
ਐ ਵਿਸ਼ਵ ਵਿਚ ਵਗਦੀ ਹਵਾਓ!
ਗੂੜ੍ਹੀ ਨੀਂਦਰ ‘ਚ ਸੁੱਤਾ ਹੈ ਮਾਨਵ,
ਇਸ ਨੂੰ ਆਪਣੀ ਤਬਾਹੀ ਦਿਖਾਓ!
ਇਹ ‘ਰੰਗਮੰਚੀ ਰੰਗ ਤਮਾਸ਼ਾ’ ਪਾਠਕ ਨੂੰ ਮਨੁੱਖ ਦੀ ਹੋਂਦ, ਹੋਣ ਅਤੇ ਨਿਹੋਂਦ ਪ੍ਰਤੀ
ਸੁਚੇਤ ਕਰਦਾ, ਬਹੁਤ ਸਾਰੇ ਪ੍ਰਸ਼ਨਾਂ ਵਿਚ ਬੰਨ੍ਹ ਦਿੰਦਾ ਹੈ, ਜਿਨ੍ਹਾਂ ਵਿਚ ਸੱਭਿਅਤਾਵਾਂ ਦਾ
ਰਲੇਵਾਂ, ਆਲਮੀਂ ਤਪਸ਼, ਵਿਸ਼ਵੀ ਪਿੰਡ ਦੀ ਹੋਂਦ ਵਿਚ ਆਮ ਆਦਮੀਂ ਦੇ ਹੱਕ ਅਤੇ ਫਰਜ਼ ……ਅਤੇ
ਵਿਸ਼ਵੀਕਰਨ ਵਿਚ ਮਨੁੱਖ ਦੀ ਸਿਰਜਨਾਤਮਿਕ ਸ਼ਕਤੀ ਦੀ ਹੋਂਦ ਆਦਿ ਸ਼ਾਮਿਲ ਹਨ!
ਤਕਨੀਕ ਅਤੇ ਸਟੇਜ ਕਰਾਫਟ ਦੇ ਪੱਖੋਂ “ਚੱਕ੍ਰਵਯੂਹ ਤੇ ਪਿਰਾਮਿਡ” ਰਵਿੰਦਰ ਰਵੀ ਦਾ ਇਕ ਨਵਾਂ
ਪ੍ਰਯੋਗ ਹੈ! ਕਵਿਤਾ, ਸੰਗੀਤ ਤੇ ਨ੍ਰਿਤ ਇਸ ਨਾਟਕ ਦੀ ਸੰਰਚਨਾਂ ਦੇ ਮੁੱਖ ਭਾਗ ਹਨ, ਪ੍ਰੰਤੂ
ਕੰਪਿਊਟਰੀ ਯੁਗਤਾਂ ਅਤੇ ਹੋਰ ਇਲੈਕਟਰੌਨਿਕ ਸਹੂਲਤਾਂ ਥੀਮ ਦੇ ਪ੍ਰਭਾਵ ਨੂੰ ਵਿਸ਼ਾਲਤਾ
ਪ੍ਰਦਾਨ ਕਰਦੀਆਂ ਹਨ!
ਨਾਟਕਕਾਰ ਨੇ ਨਾਟ-ਨਿਰਦੇਸ਼ਕ ਲਈ ਪੇਸ਼ਕਾਰੀ ਢੰਗਾਂ ਦਾ ਵਰਨਣ ਵੀ ਕੀਤਾ ਹੈ! ਪੰਜਾਬੀ ਨਾਟ-ਜਗਤ ਵਿਚ
ਵਿਸ਼ੇ ਪੱਖੋਂ ਇਹ ਕਾਵਿ-ਨਾਟਕ ਨਵੀਂ ਚਰਚਾ ਲੈ ਕੇ ਆਏਗਾ! – ਡਾ. ਨਿਰਮਲ ਜੌੜਾ
– -(ਮੋਬਾਈਲ: 98153-14714),
“ਅਜੀਤ” – ਜਲੰਧਰ, ਭਾਰਤ- 8 ਮਈ, 2011 –
“ਆਰਸੀ”(www.punjabiaarsi.blogspot.com) ਵੈਬਸਾਈਟ ਉੱਤੇ ਮਈ, 2011 ਨੂੰ ਪੋਸਟਡ