ਰਵਿੰਦਰ ਰਵੀ
੮੦ਵੀਂ ਝਰੋਖੇ ‘ਚੋਂ: ੫ ਕਵਿਤਾਵਾਂ
੧. ਜੈਨਸ ਸੋਚ*੧.
ਸਾਗਰ ਸਾਰਾ ਚੁੱਕ ਕੇ ਲੈ ਗਏ
ਬੇੜੀਆਂ ਅਤੇ ਮੱਲਾਹ!
ਮੱਛੀਆਂ ਨੂੰ ਤੜਫਣ ਦੀ ਇੱਛਾ
ਤੇ ਜੀਵਨ ਦੀ ਚਾਹ!
ਰਾਹਾਂ ਨੂੰ ਅੰਤਾਂ ਦੀ ਸੀਮਾਂ,
ਨਜ਼ਰਾਂ ਸਦਾ ਬੇਅੰਤ!
ਹੱਦੋਂ ਪਾਰ ਦਿਸਹੱਦੇ ਦਿਸਦੇ
ਤੇ ਕੁਕਨੂਸੀ ਜੰਤ!
ਸ਼ੀਸ਼ੇ ਵਿਚਲਾ ਚਿਹਰਾ ਸਿਰਜੇ,
ਸ਼ੀਸ਼ੇ ਦੇ ਵਿਚ ਜਲ!
ਮੇਰੇ ਅੰਦਰ ਰੇਤ ਕਿਰੇ ਪਈ,
ਉੱਸਰ ਆਇਆ ਥਲ!
ਸ਼ਬਦਾਂ ਵਿਚ ਸੱਭਿਅਤਾ ਦੀ ਵਾਣੀ,
ਅਰਥਾਂ ਵਿਚ ਬਰਬਾਦੀ!
ਵਿਕਾਸ ਵਿਨਾਸ਼ ਦੀ ਟੱਕਰ ਦੇ ਵਿਚ,
ਕੈਸੀ ਸ਼ਾਂਤ ਸਮਾਧੀ!
ਇਕ ਦਰਵਾਜ਼ੇ ਬਰਫ ਦੀ ਬਰਖਾ,
ਦੂਜੇ ਵਰ੍ਹਦੀ ਅੱਗ!
ਵਿਚ ਜਲੇ ਜੈਨਸ*੨. ਦੀ ਜੋਤੀ:
ਮੈਂ ਵਿਚ ਮੇਰਾ ਜੱਗ!
*੧. ਜੈਨਸ ਸੋਚ – Janus Thinking
*੨.ਜੈਨਸ(Janus) – ਰੋਮਨ ਮਿਥਿਹਾਸ ਵਿਚ ਗੇਟਸ ਤੇ ਡੋਰਜ਼ ਜਾਂ ਅਰੰਭ ਤੇ ਅੰਤ ਦਾ ਦੇਵਤਾ
ਤਥਾ ਰੱਬ! ਜੈਨਸ ਦੇ ਦੋ ਚਿਹਰੇ ਸਨ, ਜਿਨ੍ਹਾਂ ‘ਚੋਂ, ਇੱਕੋ ਸਮੇਂ, ਇਕ ਅੱਗੇ ਵਲ ਦੇਖਦਾ ਸੀ ਤੇ
ਦੂਜਾ ਪਿੱਛੇ ਵਲ!
੨. ਬੁੱਢਾ ਮਾਹੀਗੀਰ
੧.
ਬੁੱਢਾ ਮਾਹੀਗੀਰ,
ਕੂਲੀਆਂ ਕੂਲੀਆਂ ਮੱਛੀਆਂ ਪਲੋਸਦਾ,
ਉਨ੍ਹਾਂ ਦੀਆਂ ਅੱਖੀਆਂ ‘ਚ ਝਾਕਦਾ,
ਸਮੁੰਦਰਾਂ ਦੀ ਥਾਹ ਪਾ ਰਿਹਾ!
ਆਕਾਸ਼ ਤੋਂ ਪਾਤਾਲ ਤਕ,
ਜ਼ਿੰਦਗੀ ਦਾ ਗੀਤ ਗਾ ਰਿਹਾ!
੨.
ਨਵੇਂ ਤੇ ਜਵਾਨ ਮਛੇਰੇ,
ਬਾਰ ਬਾਰ ਦੱਸਦੇ ਹਨ:
ਇਹ ਬੁੱਢਾ ਮਾਹੀਗੀਰ,
ਜਾਲ ਤੇ ਜਹਾਜ਼ –
ਮੁੱਢ ਕਦੀਮ ਤੋਂ ਹੀ ਏਥੇ ਹਨ!
ਨਾਂ ਮੱਛੀਆਂ ਮੁੱਕੀਆਂ,
ਨਾਂ ਪਕੜ!
ਬੁੱਢਾ ਮਾਹੀਗੀਰ,
ਜਵਾਨੀਆਂ ਨੂੰ ਜ਼ਿੰਦਗੀ ਦੀ ਜਾਗ ਲਾ ਰਿਹਾ!
੩.
ਬੁੱਢਾ ਮਾਹੀਗੀਰ,
ਸਮੁੰਦਰ ‘ਚ ਵੇਖਦਾ –
ਤਾਰੇ ਗਿਣਦਾ,
ਗਿਣਦਾ ਰਿਹਾ ਹੈ!
ਸੂਰਜ ਵਿਖਾਵੇ,
ਕਦੇ ਚੰਦ ਨੂੰ ਛੁਪਾਵੇ!
ਕਦੇ ਆਪ ਭੁੱਲ ਜਾਵੇ,
ਕਦੇ ਸਭ ਨੂੰ ਭੁਲਾਵੇ!
ਬੁੱਢਾ ਮਾਹੀਗੀਰ,
ਲਹਿਰਾਂ ਨੂੰ ਉਛਾਲਦਾ,
ਨਿਖੇੜਦਾ ਤੇ ਜੋੜਦਾ,
ਖੜ੍ਹਨੇਂ ਤੋਂ ਹੋੜਦਾ –
ਆਪੋਂ ਪਰ੍ਹੇ, ਆਪ ਤਕ,
ਸਫਰਾਂ ਦੇ ਰਾਹ ਪਾ ਰਿਹਾ!
ਬੁੱਢਾ ਮਾਹੀਗੀਰ,
ਜ਼ਿੰਦਗੀ ਦਾ ਗੀਤ ਗਾ ਰਿਹਾ!
੩. ਝੀਲ ਤੇ ਦਰਿਆ
ਝੀਲ ਦੇ ਪਾਣੀ ‘ਚ,
ਦਰਿਆ ਬਹਿ ਰਿਹਾ ਹੈ!
ਪਰਬਤ ਆਪਣੀ ਚੁੱਪ ਦਾ ਭੇਦ,
ਵਣ ‘ਚੋਂ ਤੇਜ਼ ਗਤੀ ‘ਤੇ ਲੰਘਦੀ,
ਪਵਨ ਨੂੰ ਕਹਿ ਰਿਹਾ ਹੈ!
ਬਰਫ ਦੇ ਘਰਾਂ ‘ਚ ਨਿੱਘ ਜਾਗਦਾ ਹੈ,
ਅਸਕੀਮੋਆਂ ਦਾ ਜਗਰਾਤਾ ਚੁਗਣ ਲਈ!
ਇਹ ਹੀ ਬਰਫ,
ਬਾਹਰ,
ਬਰਫ ਦੇ ਘਰਾਂ ਤੋਂ ਬਾਹਰ,
ਧਰਤ ਜਮਾ ਦਿੰਦੀ ਹੈ;
ਅਣ-ਸੁਰੱਖਿਅਤ ਅੰਗਾਂ ਨੂੰ,
ਸ਼ੁੱਕੇ ਪੱਤਰਾਂ ਵਾਂਗ ਝੜਨ ਦਾ,
ਰੋਗ ਲਗਾ ਦਿੰਦੀ ਹੈ!
ਉੱਤਰੀ ਤੇ ਦੱਖਣੀ ਧਰੁੱਵ ਦੇ
ਮੁੰਜਮਿਦ੧. ਸਾਗਰ ਹੀ –
ਹਿੰਦ, ਸ਼ਾਂਤ ਤੇ ਅੰਧ ਮਹਾਂ ਸਾਗਰ ਦਾ ਵਿਸਥਾਰ ਹਨ!
ਪਾਣੀ: ਭਾਫ ਹੈ, ਬੱਦਲ, ਬਰਖਾ ਤੇ ਬਰਫ!
ਇਨਸਾਨ: ਗ਼ੁੱਸਾ ਹੈ, ਹਿੰਸਾ ਹੈ, ਅੱਥਰੂ ਤੇ ਮੌਨ!
ਹਰ ਦਰਿਆ ਵਿਚ ਇਕ ਸ਼ਾਂਤ ਝੀਲ ਹੁੰਦੀ ਹੈ,
ਸਮਾਧੀ ਵਾਂਗ
ਖ
ੜੋ
ਤੀ!
ਸੁਰਤੀ,
ਇਕ ਨੁਕਤੇ ਨੂੰ,
ਕਈ ਕੋਨਾਂ ਤੋਂ ਵੇਖਦੀ ਹੈ!
ਝੀਲ ਦੇ ਪਾਣੀ ‘ਚ
ਦਰਿਆ ਬਹਿ ਰਿਹਾ ਹੈ!
*੧.ਮੁੰਜਮਿਦ – ਜੰਮਿਆਂ ਹੋਇਆ, ਫਰੋਜ਼ਨ
੪. ਆਸਥਾ ਦੀ ਤਲਾਸ਼ ਵਿਚ
ਬਰਫ, ਬਰਖਾ ਬਰਸਦੀ
ਗਿੱਲੀ ਜਿਹੀ, ਠੰਡੀ ਬੜੀ,
ਚੱਲੇ ਹਵਾ!
ਸੂਰਜ ਦਾ ਕੁਝ ਪਤਾ ਨਹੀਂ,
ਚਾਨਣ ਵੀ ਹੈ ‘ਨ੍ਹੇਰਾ ਜਿਹਾ!
ਅੱਖਾਂ ‘ਤੇ ਪਰਬਤ-ਟੀਸੀਆਂ ਵਿਚ,
ਢਹਿ ਰਹੇ ਆਕਾਸ਼ ਦਾ ਪਰਦਾ ਜਿਹਾ!
ਠੁਰਕਦੀ ਦੇਹੀ ਤੇ ਕੰਬਦੇ ਮਨ ਨਾਲ,
ਸ਼ੀਸ਼ੇ ਜਿਹੀ ਇਸ ਬਰਫ ਉੱਤੋਂ ਤਿਲ੍ਹਕਦਾ –
ਚਾਰੇ ਚੂਕਾਂ ਸਾਂਭਦਾ, ਫਿਰ ਲੁੜ੍ਹਕਦਾ,
ਹੈ ਕੌਣ ਕਿੱਧਰ ਜਾ ਰਿਹਾ?
ਵਾਦੀ ਦੇ ਘਰਾਂ ‘ਚ, ਝਿਲਮਿਲ ਬੱਤੀਆਂ,
ਜੀਵਨ ਵੀ ਹੈ, ਜੁਗਨੂੰ ਵੀ ਹੈ, ਧੁੰਦਲਾ ਜਿਹਾ!
‘ਨ੍ਹੇਰ ਹੈ, ਕੁਝ ਹੋਰ ਸੰਘਣਾਂ ਹੋ ਗਿਆ!
ਧਰਤ-ਛੁਹ ਤਕ, ਪੈਰ ਨੂੰ ਹੀ ਜਾਪਦਾ,
ਦਿਸ ਰਿਹਾ ਰਸਤਾ ਪਿਆ!
ਪਲਕਾਂ ਤੋਂ ਅਬਰਕ ਝਾੜਦਾ, ਸਿੱਲ੍ਹਾ ਜਿਹਾ –
ਇਹ ਕੌਣ ਜੋ ਇਸ ਠੰਡ ਵਿਚ,
ਵਾਦੀ ਦੇ ਘਰਾਂ ਤੋਂ ਹੋ ਬੇਮੁੱਖ ਰਿਹਾ?
ਇਹ ਕਿਸ ਨੇ ਆਪਾ ਮਾਰਿਆ?
ਤੇ ਬਾਲਿਆ ਖੁਦ ਹੀ ਸਿਵਾ???
ਇਹ ਕੌਣ ਆਪਣੀ ਰੌਸ਼ਨੀ ਵਿਚ,
ਸੜ ਰਿਹਾ ਹੈ,
ਤੱਕ ਰਿਹਾ ਤੇ ਤੁਰ ਰਿਹਾ???
ਇਹ ਕੌਣ ਕਿੱਧਰ ਜਾ ਰਿਹਾ???
੫. ਇਕਾਈ ਤੋਂ ਲੋਕਾਈ-੧
ਰੇਤ ਲੈ ਤੁਰਦੇ ਰਹੇ,
ਸਾਡੇ ਕਦਮਾਂ ਦੇ ਨਿਸ਼ਾਨ!
ਬਰਫ ਵਿਚ ਜੁੜਦੇ ਰਹੇ,
ਚੰਨ, ਤਾਰੇ, ਆਸਮਾਨ!
ਟੀਸੀ ‘ਚੋਂ ਸੂਰਜ ਚਾੜ੍ਹਕੇ,
ਗੁੱਡੀ ਬਣਾਈ ਰੌਸ਼ਨੀ,
ਡੋਰ ਇਕ ਅਦਿੱਖ, ਖੁਦ,
ਪਤੰਗ ਜਿਉਂ ਚੜ੍ਹਦੇ ਰਹੇ!
ਭਟਕਦੀ ਰਹੀ,
ਫੈਲਦੇ ਹੋਏ ਦਾਇਰਿਆਂ ਵਿਚ,
ਕੇਂਦਰ-ਬਿੰਦੂ ਦੀ ਤਲਾਸ਼!
ਅੰਬਰ ਤੋਂ ਸਾਗਰ ਢੱਠਿਆ!
ਸ਼ਾਗਰ ‘ਚ ਅੰਬਰ ਫੈਲਿਆ!
ਕਿਣਕੇ ‘ਚ ਸੂਰਜ ਸਿਮਟਿਆ,
ਬਰਫਾਂ ‘ਚ ਆਇਆ, ਜੰਮਿਆਂ –
ਰੇਤਾਂ, ਥਲਾਂ ਵਿਚ ਅਗਨ-ਬਾਣ,
ਲਾਂਬੂਆਂ ਦੇ ਵਾਂਗ,
ਕਿਰਨਾਂ ਦੇ ਨਿਸ਼ਾਨ!
ਆਪ-ਸਨਮੁੱਖ: ਸੱਚ-ਸਨਮੁੱਖ!
ਧਿਆਨ ਬਿਨ, ਕਿਹਾ ਗਿਆਨ?
ਆਪ ਮੰਜ਼ਲ, ਆਪ ਰਸਤਾ, ਆਪ ਰਾਹੀ –
ਆਪ ਬਿਨ, ਅਨਾਪ ਦੀ,
ਕਿੰਜ ਹੋਵੇਗੀ ਪਛਾਣ?
ਰੇਤ ਲੈ ਤੁਰਦੇ ਰਹੇ,
ਸਾਡੇ ਕਦਮਾਂ ਦੇ ਨਿਸ਼ਾਨ!!!