ਰਵਿੰਦਰ ਰਵੀ
ਸੱਸੀ, ਸਾਹਿਬਾਂ ਤੇ ਹੀਰ ਦੀ ਊਲ ਜਲੂਲ ਤਸਵੀਰ
ਤੂੰ ਹਰ ਔਰਤ ਵਾਂਗ,
ਇਕ ਘਰ ਦੀ ਇੱਛਾ ਪ੍ਰਗਟ ਕੀਤੀ, ਤਾਂ ਮੈਂ
ਇਕ ਝੀਲ ਚੁੱਕ ਲਿਆਇਆ, ਤੇ ਤੈਨੂੰ
ਇਸ ਦੇ ਖਿਤਿਜ ਵਿਚ ਗੁੰਮਦੇ ਕੰਢਿਆਂ ਦੁਆਲੇ,
ਵਿਛੀ ਹੋਈ ਧਰਤੀ ਤੇ ਝੁਕਿਆ ਹੋਇਆ, ਅਸਮਾਨ ਵਿਖਾਇਆ,
ਇਸ ਘਰ ਵਿਚ ਦਰਾਂ ਤੇ ਦੀਵਾਰਾਂ ਦੀ ਗੁੰਜਾਇਸ਼ ਨਹੀਂ ਸੀ!!!
ਮੈਂ ਤੇਰੇ ਮੇਰੇ ਰਿਸ਼ਤੇ ਨੂੰ,
ਖੁੱਲ੍ਹੀਆਂ ਹਵਾਵਾਂ ਵਿਚ ਮਹਿਕਾਂ ਵਾਂਗ ਖਿੱਲਰਦੇ,
ਫੈਲਦੇ, ਮਿਲਦੇ, ਸਾਹ ਲੈਂਦੇ, ਧੜਕਦੇ ਵੇਖਿਆ ਸੀ,
ਪਰ ਤੂੰ ਕਿਹਾ:
“ਝੀਲ ਦੇ ਪਾਣੀ ਵਿਚ ਖੜੋਤ ਹੈ,
ਇਹ ਸਾਡਾ ਘਰ ਕਿਵੇਂ ਹੋ ਸਕਦੀ ਹੈ?”
ਮੈਂ ਤੇਰੀਆਂ ਅੱਖਾਂ ਵਿਚ ਡੂੰਘੀ ਨੀਝ ਨਾਲ ਤੱਕਿਆ,
ਆਪਣੇ ਅੰਦਰ ਫੜਫੜਾਇਆ
ਤੇ ਅੰਬਰ ਨੂੰ ਉਡਾਣ ਬਣਾ ਕੇ,
ਸੋਮੇਂ ਤੋਂ ਤੁਰ, ਸਮੁੰਦਰ ਵਿਚ ਸਮਾਇਆ,
ਦਰਿਆ ਚੁੱਕ ਲਾਇਆ –
ਦਰਿਆ ਦੇ ਪਾਣੀ ਵਿਚ ਘੁਲੀ, ਜੰਮਣਹਾਰੀ ਮਿੱਟੀ ਨੂੰ, ਤੂੰ
“ਗੰਦੀ” ਆਖਿਆ
ਤੇ ਸਮੁੰਦਰ ਨੂੰ “ਖਾਰਾ”,
ਤੇਰੀ ਪਿਆਸ ਨੂੰ ਇਹ ਸਭ ਕੁਝ ਰਾਸ ਨਾਂ ਆਇਆ।
ਮੈਂ ਤੇਰੇ ਡੂੰਘੇ ਨੈਣਾਂ ਵਿਚ ਵੇਖਦਿਆਂ,
ਤੇਰੀਆਂ ਜ਼ੁਲਫਾਂ ਨੂੰ ਛੰਡਕਿਆ, ਹਿਲਾਇਆ –
ਮੇਰੀ ਦੀਵਾਨਗੀ ਨੇ ਹਰ ਤਰਫ,
ਘਨਘੋਰ ਘਟਾਵਾਂ ਦਾ ਸਿਲਸਿਲਾ ਫੈਲਾਇਆ,
ਤਾਂ ਤੂੰ ਡਰ ਕੇ ਮੇਰੇ ਨਾਲ ਆ ਜੁੜੀ –
ਤੈਨੂੰ ਘਟਾਵਾਂ ਦੀ ਗਰਜ,
ਤੇ ਬਿਜਲੀ ਦੀ ਕੜਕ ਤੋਂ ਭੈ ਆਉਂਦਾ ਸੀ,
ਤੈਨੂੰ ਇਨ੍ਹਾਂ ਦੇ ਹੇਠ ਫੈਲਿਆ ‘ਨ੍ਹੇਰਾ ਵੀ ਨਹੀਂ ਭਾਉਂਦਾ ਸੀ।
ਤੂੰ ਹੁਣ ਚਾਨਣ ਦੀ ਇੱਛਾ ਕੀਤੀ,
ਮੈਂ ਕਲਮ ਚੁੱਕੀ ਤੇ ਉਸ ਦੀ ਰੌਸ਼ਨੀ ਨਾਲ,
ਸੂਰਜ ਬਣਾਇਆ –
ਚੁੰਧਿਆਈਆਂ ਅੱਖੀਆਂ ਨਾਲ ਤੂੰ ਕਿਹਾ:
“ਇਹ ਕਿਹਾ ਚਾਨਣ ਹੈ! ਨਿਰਾ ਅੱਗ ਦਾ ਗੋਲਾ –
ਕਿਰਨਾਂ ਦੇ ਤੀਰ ,
ਥਲ ਉੱਤੇ ਫੈਲਿਆ –
ਮੈਂ ਇਸ ਵਿਚ ਸੜ, ਬਲ, ਵਿੱਝ, ਮੁੱਕ ਜਾਵਾਂਗੀ।
ਮੈਂ ਮਰਨਾਂ ਨਹੀਂ ਚਾਹੁੰਦੀ!
ਮੈਨੂੰ ਸਿਰਫ ਮੇਰੇ ਜੋਗੀ ਥਾਂ ਦੇ ਦੇ,
ਜਿੱਥੇ ਮੈਂ ਆਪਣਾਂ ਆਪ ਬਣ ਕੇ ਜੀ ਸਕਾਂ!”,
ਮੈਂ ਤੈਨੂੰ ਦੂਰ ਅੰਬਰ ‘ਤੇ ਚੜ੍ਹੇ ਸੂਰਜ ਦੀ ਲੋਅ ਵਿਚ,
ਦਰਿਆਵਾਂ, ਥਲਾਂ ਨਾਲ ਤੋਰਦਾ,
ਸਮੂੰਦਰ ਤਕ ਲੈ ਆਇਆ –
ਝੀਲ ਵੀ ਮੇਰੇ ਨਾਲ ਹੀ ਸੀ,
ਮੇਰੀਆਂ ਅੱਖਾਂ ਵਿਚ,
ਮੇਰੇ ਦਿਲ ‘ਚੋਂ ਛਲਕਦੀ –
ਮੈਂ ਕਿਹਾ:
“ਸਾਡਾ ਸਾਥ ਏਨਾਂ ਕੁ ਹੀ ਸੀ!
ਨਾਂ ਤੂੰ ਝੀਲ ਵਿਚ ਤਰੀ,
ਨਾਂ ਦਰਿਆ ਸੰਗ ਤੁਰੀ,
ਨਾਂ ਸਮੁੰਦਰ ਵਿਚ ਸਮਾਈ,
ਨਾਂ ਸੂਰਜ ਨਾਲ ਚੜ੍ਹੀ –
ਧਰਤੀ ਨੂੰ ਛੁਹ ਕੇ ਵੀ ਤੂੰ ਨਿਛੁਹ ਰਹੀ –
ਅਸਮਾਨ ਦੀ ਉਚਾਈ ਵੀ ਤੂੰ
ਆਪਣੀਆਂ ਨਜ਼ਰਾਂ ਵਿਚ ਨਾਂ ਸਮਾ ਸਕੀ!!!
ਤੂੰ ਇੰਜ ਕਰ,
ਸੱਸੀ, ਸਾਹਿਬਾਂ ਤੇ ਹੀਰ ਦੇ ਜੁਦੇ ਜੁਦੇ ਰੰਗਾਂ ਤੋਂ –
ਇੱਕ ਇਕਾਈ ਵਿਚ ਬੱਝੀ –
ਇਕ ਨਵੀਂ ਤਸਵੀਰ ਬਣਾ
ਤੇ ਮੁਸਕਰਾ…………….
………………ਮੈਂ ਜ਼ਰੂਰ ਪਰਤਾਂਗਾ –
ਜਦੋਂ ਮੇਰੇ ਅੰਦਰਲੇ
ਪੁਨੂੰ, ਮਿਰਜ਼ੇ ਤੇ ਰਾਂਝੇ ਦੇ ਤਿੰਨੇਂ ਰੰਗ,ਆਪਸ ਵਿਚ ਘੁਲਕੇ,
ਇਕ ਇਕਾਈ, ਇਕ ਤਸਵੀਰ ਬਣ ਚੁੱਕੇ ਹੋਣਗੇ!
ਅਲਵਿਦਾ!!!!!!!!!!!!!!!”