ਰਵਿੰਦਰ ਰਵੀ
ਚਾਰ ਪ੍ਰਗੀਤਕ ਕਵਿਤਾਵਾਂ
੧. ਸੂਲੀ
ਅਸੀਂ ਤਾਂ ਆਪਣਾ ਦੀਪ ਜਗਾਇਆ!
ਸ਼ਬਦੀਂ, ਅਰਥੀਂ ਆਪ ਵਸਾਇਆ!
ਇਸ ਰੁੱਤੇ ਦੀਪਕ ਹੀ ਬਲਦਾ
ਹੋਰ ਕੋਈ ਵੀ ਨਾਲ ਨਾ ਚੱਲਦਾ
ਆਪੇ ਤੋਂ ਆਪੇ ਤਕ ਚੱਲਣਾ
ਸਫਰ ਅਸਾਡਾ ਦੂਣ ਸਵਾਇਆ!
ਪੈਰ ਪੁੱਟਾਂ, ਤਾਂ ਸੂਲੀਆਂ ਉੱਠਣ
ਨਜ਼ਰ ਚੁੱਕਾਂ, ਤਾਂ ਸੂਲੀਆਂ ਉੱਠਣ
ਹਰ ਸੂਲੀ ਮੇਰੇ ਰੰਗ ਰੰਗੀ
ਉਸ ਵਿਚ ਮੇਰਾ ਅਰਥ ਸਮਾਇਆ!
ਅਰਥ ਬਿਨਾਂ, ਸੂਲੀ ਇਕ ਲੱਕੜੀ
ਆਪਣੇ ਅੰਦਰ ਬਾਹਰ ਜੱਕੜੀ
ਤਨ ਵਿਚ ਕੈਦ ਨਹੀਂ ਰਹਿਣਾ ਹੁਣ
ਮਨ ਨੂੰ ਭਾਂਬੜ ਵਾਂਗ ਮਚਾਇਆ!
ਮਨ ਵਿਚ ਸੂਰਜ, ਮਨ ਵਿਚ ਸੂਲਾਂ
ਮਨ ਵਿਚ ਕਿੱਲਾਂ, ਮਨ ਵਿਚ ਕੂਲ੍ਹਾਂ
ਮਨ ਵਿਚ ਪਰਬਤ, ਸਾਗਰ, ਬੱਦਲ –
ਮਨ ਨੂੰ, ਮਨ ਤੋਂ ਪਰਾਂਹ ਪੁਚਾਇਆ!
ਅਸੀਂ ਤਾਂ ਆਪਣਾ ਦੀਪ ਜਗਾਇਆ!
ਸ਼ਬਦੀਂ, ਅਰਥੀਂ ਆਪ ਵਸਾਇਆ!
੨. ਸੂਰਜ ਤੇਰਾ ਮੇਰਾ
ਉੱਚੀ ਸੋਚ ਨੂੰ ਉੱਚੇ ਬੋਲਾਂ
ਸ਼ੋਰ, ਅਰਥ ਦੋਨਾਂ ਵਿਚ ਠਣ ਗਈ,
ਧਾਰਨ ਸ਼ਬਦ ਇਕਾਈ!
ਸ਼ਬਦੋਂ ਪਹਿਲਾਂ ਅਰਥ ਸ਼ੋਰ ਸੀ
ਅਰਥੋਂ ਪਹਿਲ ਸੱਨਾਟਾ!
ਕੋਰੀ ਬੁੱਧ ‘ਤੇ, ਕੋਰੀ ਚੁੱਪ ਦਾ
ਅਣਦਿਸਵਾਂ ਇਕ ਕਾਟਾ!
ਸ਼ੋਰ ਦੀ ਭਾਸ਼ਾ ਵਿੱਚੋਂ ਲੰਘੇ
ਚੁੱਪ ਦੀ ਭਾਸ਼ਾ ਸਹਿ ਗਏ!
ਆਪਣੇ ਜੇਡੀ ਕੱਥਦੇ ਕੱਥਦੇ,
ਬ੍ਰਹਿਮੰਡ ਜੇਡੀ ਕਹਿ ਗਏ!
ਬ੍ਰਹਿਮੰਡ ਵਿਚ ਵਿਰੋਧੀ ਖਿੱਚਾਂ
ਸੂਰਜ ਡੁੱਬਣ, ਟੁੱਟਣ ਤਾਰੇ!
ਬ੍ਰਹਿਮੰਡ ਵਿਚ ਵੀ ਧੰਦ-ਧੂੰਆਂ ਹੈ
ਬ੍ਰਹਿਮੰਡ ਵਿਚ ਫਾਸਲੇ, ਪਾੜੇ!
ਮੇਰ ਤੇਰ ਵਿਚ ਉਲਝੇ ਸੂਰਜ,
ਹੱਦਾਂ ਅਤੇ ਦਰਾੜਾਂ ਦੇ ਵਿਚ
ਐਸੀ ਜਾਗ ਲਗਾਈ!
ਸੂਰਜ ਦੀ ਰੁਸ਼ਨਾਈ!
ਪਾਟੀ ਕੁਲ ਲੋਕਾਈ!
ਪੌਣਾਂ ਨੂੰ ਪਰਵਾਨ ਨਾ ਹੱਦਾਂ,
ਮਹਿਕ ਨਾ ਪਕੜੀ ਜਾਏ!
ਜਿਸਮੋਂ ਉੱਠਣ ਕਰਦਾ ਮਾਨਵ,
ਜਿਸਮੇਂ ਸਿਮਟ ਗਿਆ ਏ!
ਜਿਸਮਾਂ ‘ਤੇ ਵੀ ਰੰਗ ਬਿਰੰਗ ਹੈ
ਜਿਹਬਾ ਵੱਖਰੀ ਬਾਣੀ!
ਇੱਕੋ ਰੰਗ, ਰੂਪ ਹੈ ਇੱਕੋ,
ਧੁਰ ਕੀ ਹੈ ਨਿਰਬਾਣੀ!
ਜਿੰਨੀ ਸਮਝ, ਓਨਾ ਹੀ ਚਾਨਣ,
ਬਾਕੀ ਸਭ ਅਨ੍ਹੇਰਾ!
ਏਥੇ ਡੁੱਬ, ਏਥੋਂ ਹੀ ਚੜ੍ਹਦਾ,
ਸੂਰਜ ਤੇਰਾ ਮੇਰਾ!
੩. ਦੀਪਕ
ਇਸ ਦੀਪਕ ਦੀ ਬਾਤ
ਮਿੱਟੀ ਤੋਂ ਵੱਡੀ ਹੈ!
ਅੱਜ ਫਿਰ ਮੈਨੂੰ
ਸ਼ੂਰਜ ਦੀ ਤੇਹ ਲੱਗੀ ਹੈ!
ਮਿੱਟੀ ਮਿੱਟੀ ਅੰਦਰ
ਸੂਰਜ ਕਿਵੇਂ ਬਲੇ!
ਜਿਸਮਾਂ ਦੀ ਖੋਹ ਪਈ ਹੈ
ਮੈਨੂੰ ਦਿਹੁੰ ਢਲੇ!
ਉਮਰ ਜਿਸਮ ਦੀ ਸੀਮਤ
ਤੇਹ ਦੀ ਮੁੱਕੇ ਨਾ!
ਅੰਦਰ ਅੱਥਰਾ ਘੋੜਾ
ਕਦੇ ਵੀ ਰੁਕੇ ਨਾ!
ਛਿਣ ਛਿਣ ਮੇਰੀ ਦੇਹੀ
ਫੈਲੇ, ਤਣ ਜਾਵੇ!
ਬੂੰਦਾਂ ਜੁੜ ਜੁੜ ਤੁਰਨ, ਤਾਂ
ਸਾਗਰ ਬਣ ਜਾਵੇ!
ਰੋਮ ਰੋਮ ਵਿਚ ਸੂਰਜ
ਕਿਸ ਨੇ ਆ ਧਰਿਆ?
ਰੋਮ ਰੋਮ ‘ਚੋਂ ਮੇਰਾ
ਆਪਾ ਬਰਸ ਰਿਹਾ!
ਅੰਬਰੋਂ ਸੂਰਜ ਬਰਸੇ
ਕੈਸਾ ਮਹਾਂ-ਸੰਭੋਗ
ਧਰਾ, ਅੰਬਰ ਪਰਸੇ!
ਜੇ ਆਈਂ ਏਂ, ਆ
ਕੋਈ ਗੱਲ ਕਰ ਲਈਏ!
ਦੇਹੀ ਦੇ ਵਿਚ ਸਾਗਰ
ਸ਼ਾਗਰ ਵੀ ਬਰਸੇ!
ਸੂਰਜ ਧਰ ਲਈਏ!
ਇਸ ਮਿੱਟੀ ਦਾ ਬਲਣਾ
ਇਕ ਪ੍ਰਕਾਸ਼ ਵੀ ਹੈ!
ਤੇਰੇ ਮੇਰੇ ਵਿਚ ਹੈ ਭੋਂ,
ਆਕਾਸ਼ ਵੀ ਹੈ!
ਤੂੰ ਹੈਂ ਮੇਰਾ ਅੱਧ
ਤੇਰੀ ਹਾਂ ਮੈਂ ਬਾਕੀ!
ਵੇਖ ਕਿਵੇਂ ਇਹ ਤੇਹ ਹੈ
ਆਯੂ ਤੋਂ ਆਕੀ!
ਇਸ ਦੀਪਕ ਦੀ ਬਾਤ
ਮਿੱਟੀ ਤੋਂ ਵੱਡੀ ਹੈ!
ਅੱਜ ਫਿਰ ਮੈਨੂੰ
ਸੂਰਜ ਦੀ ਤੇਹ ਲੱਗੀ ਹੈ!
੪. ਭੈ ਵਿਚ
ਜੀਏ ਤਾਂ, ਤਾਂ ਵੀ ਡਰਦੇ ਡਰਦੇ!
ਮੋਏ ਤਾਂ, ਤਾਂ ਵੀ ਡਰਦੇ ਡਰਦੇ!
ਬੰਦੀ ਜਿੰਦੜੀ, ਖੁੱਲ੍ਹੇ ਪਿੰਜਰੇ,
ਖੰਭਾਂ ਨੂੰ ਕਿਸ ਮਾਰੇ ਜਿੰਦਰੇ?
ਕੈਦੀ ਨਜ਼ਰ ਅੱਖਾਂ ਵਿਚ ਹੋਈ,
ਦਰਸ਼ਨ ਸਾਨੂੰ ਸਾਡੇ ਦਰ ਦੇ!
ਰਾਹਾਂ ਵਿਚ ਦੀਵਾਰਾਂ ਪਾਈਆਂ,
ਚੌਕ ‘ਚ ਰੁਕੀਆਂ ਸਭ ਚਤੁਰਾਈਆਂ!
ਸ਼ਸ਼ੇ ਚਕਨਾ ਚੂਰ ਹੋ ਗਏ,
ਤਿੜਕ, ਤਿੜਕ ਬਿੰਬ ਗ਼ਰਕੇ ਘਰ ਦੇ!
ਨਾ ਅਸੀਂ ਕਾਫਰ, ਨਾ ਵਿਸ਼ਵਾਸੀ,
ਅੰਬਰ ਸੱਖਣਾ, ਧਰਤ ਪਿਆਸੀ!
ਨਾ ਸ਼ਕਤੀ, ਨਾ ਪਾਈ ਸ਼ਹੀਦੀ,
ਸਰਦਲ, ਸਰਦਲ ਰਹੇ ਵਿਚਰਦੇ!
ਸੂਰਜ ‘ਚੋਂ ਕਿਰਨਾਂ ਨੂੰ ਗਿਣੀਏਂ,
ਛਾਵਾਂ ਵਿਚ ਪਰਛਾਵੇਂ ਮਿਣੀਏਂ!
ਗਿਣਤੀ, ਮਿਣਤੀ ਰਹੀ ਅਧੂਰੀ,
ਪੂਰੇ ਹੋ ਗਏ ਸਾਲ ਉਮਰ ਦੇ!