ਰਵਿੰਦਰ ਰਵੀ
ਐਕਸ-ਰੇ: ਇਕ ਐਬਸਰਡ ਮਨੋਸਥਿਤੀ
ਅੱਖਰ ਲਿਖ ਲਿਖ ਸ਼ਬਦ ਬਣਾਏ,
ਲੀਕਾਂ ਪਾ ਪਾ ਅਰਥ ਮਿਟਾਏ!
ਸ਼ੀਸ਼ੇ ਵਿਚ ਜੋ ਵੀ ਬਿੰਬ ਉੱਭਰੇ,
ਉਹੀਓ ਮੇਰਾ ਮੁੱਖ ਝੁਠਲਾਏ!
ਜ਼ਿੰਦਗੀ ਧਰਤ ਦਰਾੜਾਂ ਪਾਟੀ,
ਵਿੱਚ ਦਰਾੜਾਂ, ਅਗਨੀ, ਥਲ;
ਮੈਂ ਡਿੱਗਾਂ, ਤਾਂ ਭਾਫ ਬਣਾਂ,
ਬੀ ਡਿੱਗੇ, ਤਾਂ ਸੁਆਹ ਹੋ ਜਾਏ!
ਕੋਰਾ ਕਾਗ਼ਜ਼, ਤੇਜ਼ ਉਸਤਰਾ,
ਵਾਲ, ਵਾਲ ਦੀ ਵਿੱਥ ‘ਤੇ ਲੀਕਾਂ;
ਦੇਹ ‘ਚੋਂ ਛਣਕੇ ਅਲਫ ਚਾਨਣੀ,
ਹਉਂ ਦਾ ਆਰ ਪਾਰ ਦਿਖਲਾਏ!
ਲਹੂ ਮਾਸ ਵਿਚ ਪਿੰਜਰ ਝੁਲੇ,
ਅੱਖਵਾਨੇ ਵਿਚ੧. ਅੰਨ੍ਹਾਂ ਯੁੱਗ –
ਜ਼ਿਹਨੋਂ ਸੱਖਣੀਂ ਖੋਪਰੀ ਹੇਠਾਂ,
ਕਿੰਜ ਅਹੋਂਦਾ੨. ਮੌਸਮ ਆਏ!
ਭੁਰਦੇ ਪੱਤਰ, ਟੁੱਟਣ ਟਾਹਣਾਂ,
ਚੁੱਭਣ ਸੂਈਆਂ, ਖਿੰਡਣ ਸੋਚਾਂ –
ਆਪੇ ਵਿਚ ਇਕੱਲੀ ਜਿੰਦ ਨੇ,
ਦਿਲ ਨੂੰ ਪਿਆਸੇ ਹੋਠ ਛੁਆਏ!
ਸ਼ੱਭੋ ਰੰਗ ਅਜਨਬੀ ਜਾਪਣ,
ਗਣਿਤ, ਸਾਇੰਸ, ਦਰਸ਼ਨ੩. ਦੇ ਸੂਤਰ੪. –
ਲੱਕੜ ਜਦੋਂ ਸੁਆਹ ਹੁੰਦੀ ਹੈ,
ਭਾਂਬੜ ਦੀ ਛਾਂ ਹੱਥ ਨਾਂ ਆਏ!
ਆਪਣੇ ਆਪ ਤੋਂ ਖਿਝ ਮੈਂ ਆਪਣੇ,
ਅੰਦਰ ਵਲ ਜਾਂ ਹੱਥ ਵਧਾਏ;
ਮਹਾਂ-‘ਨ੍ਹੇਰ ਵਿਚ ਗੁੰਮ ਚੁੱਕੇ ਸਨ,
ਰੌਸ਼ਨੀਆਂ ਤੇ ਕਾਲੇ ਸਾਏ!
ਅੱਖਰ ਲਿਖ ਲਿਖ ਸ਼ਬਦ ਬਣਾਏ,
ਲੀਕਾਂ ਪਾ ਪਾ ਅਰਥ ਮਿਟਾਏ!
ਸ਼ੀਸ਼ੇ ਵਿਚ ਜੋ ਵੀ ਬਿੰਬ ਉੱਭਰੇ,
ਉਹੀਓ ਮੇਰਾ ਮੁੱਖ ਝੁਠਲਾਏ!
੧. ਅੱਖਵਾਨੇ ਵਿਚ – In the eye-socket ੨. ਅਹੋਂਦਾ – ਬਿਨਾਂ ਹੋਂਦ ਤੋਂ
੩. ਦਰਸ਼ਨ – ਫਲਸਫਾ ੪. ਸੂਤਰ – ਫਾਰਮੂਲਾ