ਕੋਨ ਪ੍ਰਤੀਕੋਨ
ਕਹਾਣੀਕਾਰ: ਰਵਿੰਦਰ ਰਵੀ
ਸਫੇ: 96, ਮੁੱਲ: 150 ਰੁਪਏ – ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ – ਪ੍ਰਕਾਸ਼ਨ-ਸਾਲ: 2010
ਪਰਵਾਸੀ ਲੇਖਕ ਰਵਿੰਦਰ ਰਵੀ ਦੁਆਰਾ ਰਚਿਤ 11 ਕਹਾਣੀਆਂ ਦਾ ਇਹ ਸੰਗ੍ਰਹਿ ਪੁਸਤਕ ਦਾ ਦੂਜਾ
ਐਡੀਸ਼ਨ ਹੈ! ਇਸ ਦਾ ਪਹਿਲਾ ਐਡੀਸ਼ਨ 1971 ਈ: ਵਿਚ ਛਪਿਆ ਸੀ, ਜਦੋਂ ਲੇਖਕ ਕੀਨੀਆਂ ਵਿਚ ਅਧਿਆਪਕ ਸੀ!
ਸੰਨ 1969-70 ਦੀਆਂ ਲਿਖੀਆਂ ਇਹ ਕਹਾਣੀਆਂ ਅਫਰੀਕਨ ਜੀਵਨ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ!
ਭਾਰਤੀ ਨੈਤਿਕ ਮਾਪਦੰਡਾਂ ਅਨੁਸਾਰ ਜੋ ਕੁਝ ਅਸ਼ਲੀਲ ਅਤੇ ਅਨੈਤਿਕ ਹੈ, ਉਹੀ ਕੁਝ ਅਫਰੀਕਾ ਵਿਚ
ਪ੍ਰਵਾਨਿਤ ਅਤੇ ਨੈਤਿਕ ਮੰਨਿਆਂ ਜਾਂਦਾ ਹੈ! ਇਸ ਲਈ ਭਾਰਤੀ ਮਾਨਸਿਕਤਾ ਨੂੰ ਇਹ
ਕਹਾਣੀਆਂ ਮਾਣਨਾ ਔਖਾ ਲੱਗਦਾ ਹੈ!
ਸੰਗ੍ਰਹਿ ਵਿਚਲੀਆਂ ਬਹੁਤੀਆਂ ਕਹਾਣੀਆਂ ਮਨੁੱਖੀ ਰਿਸ਼ਤਿਆਂ ਦੇ ਤਾਣੇ ਬਾਣੇ, ਅਸੰਤੋਸ਼,
ਅਤ੍ਰਿਪਤੀ ਅਤੇ ਮਾਨਸਿਕ ਗੁੰਝਲਾਂ ਦੀ ਗੱਲ ਕਰਦੀਆਂ ਹਨ! ਮਨੁੱਖ ਦਾ ਆਪਾ ਬਹੁਤ ਗੁੰਝਲਦਾਰ
ਹੈ! ਉਸ ਨੂੰ ਇਕ ਆਪਾ ਪਿਤਾ-ਪੁਰਖੀ ਸੰਸਕਾਰਾਂ, ਧਰਮ ਅਤੇ ਵਿਰਸੇ ਤੋਂ ਪ੍ਰਾਪਤ ਹੁੰਦਾ
ਹੈ ਅਤੇ ਦੂਜਾ ਆਪਾ ਸੁਤੰਤਰ ਰੂਪ ਵਿਚ ਵਾਤਾਵਰਨ ਦੇ ਪ੍ਰਭਾਵ ਦੁਆਰਾ ਨਿਰਮਿਤ ਹੁੰਦਾ
ਹੈ! ਇਸ ਦਵੰਦ, ਰੂੜ੍ਹੀਗਤ ਕੀਮਤਾਂ ਦੀ ਬੋਰੀਅਤ, ਨਵੇਂ ਸਮਝੌਤੇ ਅਤੇ ਵਿੱਦਰੋਹ ਦੀ ਗੱਲ ਕਰਦੀਆਂ
ਇਹ ਕਹਾਣੀਆਂ ਨਿਵੇਕਲੀਆਂ ਹਨ!
ਮਨੁੱਖ ਦੀ ਪੇਚੀਦਾ ਮਨੋਅਵਸਥਾ, ਜੱਟਿਲ ਪ੍ਰਸਥਿਤੀਆਂ, ਅੰਦਰੂਨੀ ਸੰਘਰਸ਼ ਅਤੇ ਅਧੂਰੇਪਨ ਦੇ
ਅਹਿਸਾਸ ਨਾਲ ਪ੍ਰੋਤੀਆਂ ਇਹ ਕਹਾਣੀਆਂ ਆਪਣੇ ਆਪ ਵਿਚ ਨਵੇਂ ਤਜਰਬੇ ਹਨ!
ਇਨ੍ਹਾਂ ਵਿਚ ਆਦਿ-ਜੁਗਾਦੀ ਸੱਚ ਦੀ ਗੱਲ ਵੀ ਹੈ, ਜੀਵਨ-ਫਲਸਫੇ ਦੀ ਸੱਚਾਈ ਵੀ ਹੈ ਅਤੇ ਅਜੋਕੇ
ਸਮੇਂ ਦਾ ਦਵੰਦ ਵੀ ਹੈ! ਆਪਣੀ ਹੀ ਤਾਜ਼ਗੀ ਤੇ ਆਪਣੀ ਹੀ ਵੰਨਗੀ ਵਾਲੀਆਂ ਇਹ ਕਹਾਣੀਆਂ
ਪਾਠਕਾਂ ਲਈ ਕੁਝ ਨਵਾਂ, ਕੁਝ ਵੱਖਰਾ ਅਤੇ ਨਿਵੇਕਲਾ ਰੰਗ ਪੇਸ਼ ਕਰਦੀਆਂ ਹਨ!
– ਡਾ. ਸਰਬਜੀਤ ਕੌਰ ਸੰਧਾਵਾਲੀਆ,
“ਅਜੀਤ”,
ਜਲੰਧਰ, ਭਾਰਤ – 12 ਜੂਨ, 2011