ਨਾਟਕ ਤੇ ਰੰਗਮੰਚ ਦੀ ਰੂਹ ਦਾ ਨੁਮਾਇੰਦਾ: ਰਵਿੰਦਰ ਰਵੀ
ਪੁਸਤਕ: ਦੋ ਨਾਟਕ ਤੇ ਰੰਗਮੰਚ ਲੇਖਕ: ਰਵਿੰਦਰ ਰਵੀ
ਪੰਨੇ:190 ਮੁੱਲ: 300 ਰੁਪਏ
ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਦਿੱਲੀ, ਭਾਰਤ
ਰਵਿੰਦਰ ਰਵੀ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਹੈ ਤੇ ਹੁਣ ਤਕ ਉਸਦੀਆਂ ਦਰਜਨਾਂ ਪੁਸਤਕਾਂ
ਪ੍ਰਕਾਸ਼ਤ ਹੋ ਚੁੱਕੀਆਂ ਹਨ ਅਤੇ ਇਸ ਕਿਤਾਬ ਵਿਚ ਉਸਦੇ ਦੋ ਕਾਵਿ-ਨਾਟਕ ਸ਼ਾਮਿਲ ਹਨ। ਚੂੰਕਿ
ਰਵੀ ਮੂਲ ਰੂਪ ਵਿਚ ਇਕ ਕਵੀ ਹੈ, ਇਸ ਲਈ ਉਸਨੂੰ ਕਾਵਿ-ਨਾਟਕ ਲਿਖਣ ਵਿਚ ਕੋਈ ਦਿੱਕਤ ਨਹੀਂ ਅਤੇ
ਇਹ ਦਿੱਕਤ ਇਸ ਲਈ ਵੀ ਨਹੀਂ ਕਿaਂਕਿ ਉਹ ਨਾਟਕ ਤੇ ਰੰਗਮੰਚ ਦੀ ਰੂਹ ਦਾ ਨੁਮਾਇੰਦਾ ਹੈ।
“ਅੱਧੀ ਰਾਤ ਦੁਪਹਿਰ” ਕਾਵਿ-ਨਾਟ ਵਿਚ ‘ਨੌਜਵਾਨ ਕਵੀ’ ਤੋਂ ਇਲਾਵਾ ‘ਭਗਵਾਨ ਸਿੰਘ’, ‘ਸ਼ੈਤਾਨ
ਦੇਵ’, ‘ਸਿੱਧਾ’, ‘ਪੁੱਠਾ’, ‘ਬੱਚਾ’, ‘ਔਰਤ’ ਤੇ ‘ਆਤੰਕਵਾਦੀ’ ਪਾਤਰ ਘੜੇ ਗਏ ਹਨ ਤੇ
ਪਰੰਪਰਾਗਤ ਵਿਧੀ ਅਪਣਾਂਦਿਆਂ ‘ਨਟ’, ‘ਨਟੀ’ ਵੀ ਪੇਸ਼ ਪੇਸ਼ ਹਨ।ਨਾਟਕ ਵਿਚ ਪਿੱਠਵਰਤੀ ਆਵਾਜ਼ਾਂ ਵੀ
ਗੂੰਜਦੀਆਂ ਹਨ। ਨਾਟਕ ਵਿਚ ‘ਭਗਵਾਨ’ ਵਰਗੇ ਕਿਰਦਾਰ ਵੀ ਹਨ, ‘ਸ਼ੈਤਾਨ’ ਵਾਂਗ ਵਿਚਰਦੇ ਪਾਤਰ ਵੀ
ਅਤੇ ਦਹਿਸ਼ਤਗਰਦੀ ਦੇ ਪ੍ਰਤੀਕ ਲੋਕ ਵੀ। ਅੱਜ ਦੇ ਸੰਦਰਭ ਵਿਚ ਇਸ ਨਾਟਕ ਦੀ ਸਾਰਥਕਤਾ ਬਾਕਮਾਲ
ਹੈ।
ਦੂਸਰਾ ਨਾਟਕ ਵੀ ਇਸ ਸ਼ੈਲੀ ਤੇ ਸਟਾਈਲ ਅਤੇ ਅੰਦਾਜ਼ ਨੂੰ ਰੂਪਮਾਨ ਹੁੰਦਾ ਹੋਇਆ ਸਾਡੇ
ਸਾਂਹਵੇਂ ਕਈ ਪ੍ਰਸ਼ਨ ਖੜ੍ਹੇ ਕਰ ਜਾਂਦਾ ਹੈ।ਪ੍ਰੰਤੂ ਇਸ ਵਿਚ ਪਾਤਰ ਬਹੁਤ ਘਟ ਹਨ: ‘ਰੌਸ਼ਨੀ’,
‘ਦੀਪਕ’, ਆਵਾਜ਼ ੧ ਤੇ ੨’। ਦਰਅਸਲ ਪਹਿਲੇ ਨਾਟਕ ਦੀ ਨਿਸਬਤ ਇਹ ਇਕ-ਆਕਾਰੀ ਨਾਟਕ ਹੈ। ਇਕਾਂਗੀ
ਤੋਂ ਵੀ ਨਿੱਕੜਾ। ਪ੍ਰੰਤੂ ਇਸਦੇ ਬਾਵਜੂਦ ਵੀ ਇਸ ਨੂੰ ਇਕਾਂਗੀ ਨਹੀਂ ਕਹਾਂਗੇ ਕਿਉਂਕਿ ਇਹ
ਨਾਟਕ ਦੇ ਸਾਰੇ ਗੁਣ ਰੱਖਦਾ ਹੈ।
‘ਰੌਸ਼ਨੀ’ ਬੋਲਦੀ ਹੈ:
“ਇਹ ਆਵਾਜ਼ਾਂ ਕੈਸੀਆਂ ਸਨ?”
ਤਾਂ ਇਸਦੇ ਇਵਜ਼ ‘ਦੀਪਕ’ ਜਵਾਬ ਦਿੰਦਾ ਹੈ:
“ਜਦੋਂ ਤੋੜ ਲੱਗਦੀ ਹੈ, ਤਨ, ਮਨ ਟੁੱਟਦਾ, ਭੱਜਦਾ ਹੈ, ਤਾਂ ਇਹ ਆਵਾਜ਼ਾਂ ਉਸੇ ਟੁੱਟ, ਭੱਜ ‘ਚੋਂ
ਪੈਦਾ ਹੁੰਦੀਆਂ ਹਨ। ਮੈਂ, ਰੋਜ਼ ਇਹ ਆਵਾਜ਼ਾਂ ਸੁਣਦਾ ਹਾਂ।”
ਰਵਿੰਦਰ ਰਵੀ ਟੁੱਟ, ਭੱਜ ਦੀ ਜ਼ਿੰਦਗੀ ਦੀ ਨੁਮਾਇੰਦਗੀ ਕਰਨ ਵਾਲਾ ਬੌਧਕ ਨਾਟਕਕਾਰ ਹੈ।
‘ਰੌਸ਼ਨੀ’, ‘ਦੀਪਕ’ ਤੇ ‘ਅਵਾਜ਼ਾਂ’ ਵਿੱਚੋਂ ਜ਼ਿੰਦਗੀ ਦੀ ਤਲਾਸ਼ ਕਰਦਿਆਂ, ਉਹ ਆਪਣੇ ਅੰਤਰ ਦੀ ਗੱਲ
ਪਾਠਕ, ਦਰਸ਼ਕ ਨਾਲ ਸਹਿਜ ਹੀ ਕਰ ਜਾਂਦਾ ਹੈ, ਜੁ ਉਸਦੇ ਕਾਵਿ-ਨਾਟਕ ਦਾ ਹਾਸਿਲ ਬਣਦਾ ਹੈ।
ਸੁਖਮਿੰਦਰ ਸਿੰਘ ਸੇਖੋਂ
“ਪੰਜਾਬੀ ਜਾਗਰਣ”, ਜਲੰਧਰ, ਭਾਰਤ – 25 ਮਈ, 2014