ਰਵਿੰਦਰ ਰਵੀ
ਨਵੀਂ ਸਦੀ ਦਾ ਨਵਾਂ ਘਰ
ਇਸ ਘਰ ਦੀਆਂ ਨੀਂਹਾਂ ਨਿੱਘਰ ਗਈਆਂ,
ਤੇ ਗ਼ਰਕ ਰਹੀਆਂ ਦੀਵਾਰਾਂ ਨੇ।
ਇਸ ਘਰ ਦੇ ਕਮਰੇ ਕੈਦ ਬਣੇ,
ਏਥੇ ਵਾਸ ਕੀਤਾ ਬੀਮਾਰਾਂ ਨੇ।
ਬੰਦ ਕਮਰਾ ਇਕ ਇਕਲਾਪਾ ਹੈ,
ਇਸ ਘਰ ਦੇ ਲੋਕੀਂ ਟੁੱਟ ਚੁੱਕੇ।
ਬ੍ਰਹਮੰਡ ਸਰ ਕਰਨਾਂ ਚਾਹੁੰਦੇ ਸਨ,
ਪਰ ਆਪਣੇ ਅੰਦਰ ਰੁਕ ਚੁੱਕੇ।
ਹਰ ਰਿਸ਼ਤਾ ਇਕ ਖਲਾਅ ਵਾਂਗੂੰ,
ਵੱਸਦਾ ਸੰਦੇਹ ਵਿਸ਼ਵਾਸਾਂ ਵਿਚ।
ਮਾਨਵ ‘ਚੋਂ ਮਾਨਵ ਗ਼ਾਇਬ ਹੈ,
ਛਾਈ ਹੈ ਨਿਰਾਸ਼ਾ ਆਸਾਂ ਵਿਚ।
ਕੁੜੀਆਂ ‘ਚੋਂ ਮਾਵਾਂ ਭੱਜ ਗਈਆਂ,
ਮੁੰਡਿਆਂ ਵਿਚ ਬਾਪ ਦਾ ਵਾਸ ਨਹੀਂ।
ਇਸ ਘਰ ਵਿਚ ਬੱਚੇ ਖੇਡਣਗੇ,
ਕੁਲ ਤੋਰਨਗੇ, ਕੋਈ ਆਸ ਨਹੀਂ।
ਬਿਨ ਸ਼ਾਦੀਓਂ ਕਾਮ-ਮਸ਼ੀਨਾਂ ਇਹ,
ਜਿਸਮਾਂ ਦੀ ਭਾਸ਼ਾ ਹੀ ਜਾਨਣ।
ਅੱਜ ਪਹੁੰਚਕੇ ਸਾਇੰਸ-ਸਿਖਰ ਉੱਤੇ,
ਜੰਗਲ ਦੀ ਸੱਭਿਅਤਾ ਨੂੰ ਮਾਨਣ।
ਇਸ ਘਰ ਦੀਆਂ ਨੀਂਹਾਂ ਨਿੱਘਰ ਗਈਆਂ,
ਤੇ ਗ਼ਰਕ ਰਹੀਆਂ ਦੀਵਾਰਾਂ ਨੇ।
ਇਸ ਘਰ ਦੇ ਕਮਰੇ ਕੈਦ ਬਣੇ,
ਏਥੇ ਵਾਸ ਕੀਤਾ ਬੀਮਾਰਾਂ ਨੇ।