Review-23

ਰਵਿੰਦਰ ਰਵੀ ਦੀ ਪੁਸਤਕ “ਐਟਸੈਟਰਾ-੪”: ਮਿੱਥ-ਖੰਡਤ ਸਾਹਿਤ-ਇਤਿਹਾਸਕਾਰੀ


ਜੇ.ਬੀ. ਸੇਖੋਂ


ਇਹ ਸਾਹਿਤਕ ਤੱਥ ਹੈ ਕਿ ਪ੍ਰਗਤੀਵਾਦੀ-ਰੋਮਾਂਸਵਾਦੀ ਧਾਰਾ ਆਪਣੀ ਵਿਚਾਰਧਾਰਕ ਜਕੜਬੰਦੀ

ਅਤੇ ਮਕਾਨਕੀ ਰੂਪ-ਵਿਧਾਨ ਕਾਰਨ ੧੯੬੦ ਦੇ ਨੇੜੇ ਪੁੱਜ ਕੇ ਜਮੂਦ ਤੇ ਖੜੋਤ ਦਾ ਸ਼ਿਕਾਰ ਹੋ

ਗਈ ਸੀ। ਪ੍ਰਯੋਗਸ਼ੀਲ ਲਹਿਰ ਦੇ ਪ੍ਰਵੇਸ਼ ਨਾਲ ਸਾਹਿਤਕਾਰਾਂ ਨੇ ਸਮਕਾਲੀ ਜ਼ਿੰਦਗੀ ਦੀਆਂ ਨਵੀਨ

ਤਬਦੀਲੀਆਂ ਨੂੰ ਆਧੁਨਿਕ ਤੇ ਗਲੋਬਲ ਚੇਤਨਾ ਨਾਲ ਜੋੜ ਕੇ ਸਪਲੀਮੈਂਟ ਕੀਤਾ।ਇਸ ਧਾਰਾ ਨਾਲ

ਸਾਹਿਤ ਦੀ “ਪ੍ਰਗਤੀਵਾਦੀ ਮੂਲਕ” ਮਕਾਨਕੀ ਅਤੇ ਫਾਰਮੂਲਾ-ਬੱਧ ਪੇਸ਼ਕਾਰੀ ਵਿਚ ਵੀ ਵੱਢ ਪੈਂਦਾ

ਹੈ। ਸਾਹਿਤ-ਚਿੰਤਕਾਂ ਤੇ ਅਲੋਚਕਾਂ ਨੇ ਪ੍ਰਯੋਗਸ਼ੀਲ ਲਹਿਰ ਨੂੰ ਪ੍ਰਗਤੀਵਾਦੀ ਸਾਹਿਤ-ਪਰੰਪਰਾ ਦਾ

ਅਗਲਾ ਪੜਾਅ ਸਮਝਣ ਨਾਲੋਂ ਇਸ ਨੂੰ “ਤਰੱਕੀ ਪਸੰਦ” ਵਿਚਾਰਧਾਰਾ ਦੇ ਵਿਰੋਧ ਵਜੋਂ ਸਮਝਿਆ

ਤੇ ਵਿਸਤਾਰਿਆ ਹੈ। ਬੇਸ਼ੱਕ ਕੁਝ ਸਿਧਾਂਤਕ ਦੋਸ਼ਾਂ ਤੇ ਅਖੌਤੀ ਪ੍ਰਯੋਗਾਂ ਦੇ ਕਾਰਨ ਛੇਤੀ ਹੀ

ਇਹ ਵਿਚਾਰਧਾਰਾ ਵੀ ਲੀਹੋਂ ਲੱਥ ਜਾਂਦੀ ਹੈ ਪਰ ਸਮਕਾਲ ਦੇ ਵਿਸ਼ਵੀਕਰਨ ਵਾਲੇ ਯੁੱਗ ਦਾ ਸਾਹਿਤ

ਪੜ੍ਹ-ਸਮਝ ਕੇ ਪ੍ਰਯੋਗਸ਼ੀਲ ਕਵਿਤਾ ਦੀ ਅਸਲ ਭਾਵਨਾ ਨਾਲ ਨਿਆਂ ਹੋ ਸਕਦਾ ਹੈ।

ਜਿਹੜੇ ਸਾਹਿਤਕਾਰਾਂ ਨੇ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀਆਂ ਦੇ ਉੱਚੇ ਬੋਲਾਂ, ਮੈਨੀਫੈਸਟੋ

ਮੂਲਕ ਨਾਅਰਿਆਂ ਅਤੇ ਰਚਨਾ-ਪ੍ਰਕਿਰਿਆ ਦੀ ਮਕਾਨਕੀ ਲੋਹ-ਕੈਦ ਨੂੰ ਪ੍ਰਯੋਗਸ਼ੀਲ ਕਾਵਿ-ਧਾਰਾ

ਦੇ ਧਰਾਤਲ ਉੱਤੇ ਖੜ੍ਹ ਕੇ ਵੰਗਾਰਿਆ, ਉਹਨਾਂ ਵਿਚ ਰਵਿੰਦਰ ਰਵੀ ਦੀ ਭੂਮਿਕਾ ਮੋਢੀ ਤੇ

ਮਹੱਤਵਪੂਰਨ ਹੈ।ਰਵਿੰਦਰ ਰਵੀ ਨੇ ਕਵਿਤਾ, ਕਾਵਿ-ਨਾਟਕ, ਕਹਾਣੀ, ਸਫਰਨਾਮਾ, ਵਾਰਤਕ, ਸਮੀਖਿਆ,

ਸੰਪਾਦਨ ਆਦਿ ਸਾਹਿਤ-ਖੇਤਰਾਂ ਵਿਚ ਲਗਾਤਾਰ ਕਲਮ-ਅਜ਼ਮਾਈ ਕੀਤੀ ਹੈ। ਵਿਚਾਰ-ਅਧੀਨ ਪੁਸਤਕ

“ਐਟਸੈਟਰਾ-੪”(ਪੰਨੇ 272, ਮੁੱਲ 410, ਪ੍ਰਕਾਸ਼ਨ ਸਾਲ: 2012, ਨੈਸ਼ਨਲ ਬੁਕ ਸ਼ਾਪ, ਚਾਂਦਨੀ

ਚੌਕ, ਦਿੱਲੀ) ਵਿਚ ਰਵਿੰਦਰ ਰਵੀ ਨਾਲ ਵੱਖ ਵੱਖ ਸਾਹਿਤਕਾਰਾਂ ਵਲੋਂ ਕੀਤੀਆਂ ਮੁਲਾਕਾਤਾਂ ਦਰਜ ਹਨ।

ਨਾਲ ਹੀ ਵੱਖ ਵੱਖ ਆਲੋਚਕਾਂ, ਰੀਵੀਊਕਾਰਾਂ ਤੇ ਲੇਖਕਾਂ ਵਲੋਂ ਰਵਿੰਦਰ ਰਵੀ ਦੇ ਸਿਰਜਣਾਤਮਕ

ਕੰਮਾਂ ਬਾਰੇ ਲੇਖ ਸ਼ਾਮਿਲ ਹਨ। ਪੁਸਤਕ ਵਿਚ ਲੇਖਕ ਦੀਆਂ ਕੁਝ ਮੌਲਿਕ ਲਿਖਤਾਂ ਵੀ ਹਨ ਜਿਹਨਾਂ ਵਿਚ

ਰਚਨਾਕਾਰ ਨੇ ਆਪਣੇ ਸਮਕਾਲੀ ਲੇਖਕਾਂ ਸੰਬੰਧੀ ਸ਼ਬਦ-ਚਿਤਰ ਲਿਖੇ ਹਨ।

ਲੇਖਕ ਹਥਲੀ ਪੁਸਤਕ ਤੋਂ ਪਹਿਲਾਂ “ਐਟਸੈਟਰਾ-1, 2, 3” ਦੇ ਸਿਰਲੇਖਾਂ ਅਧੀਨ ਆਪਣੀ ਰਚਨਾ-

ਪ੍ਰਕਿਰਿਆ, ਰਚਨਾ-ਦ੍ਰਿਸ਼ਟੀ, ਰਚਨਾ-ਅਨੁਭਵ ਤੇ ਰਚਨਾ-ਵਿਧੀ ਸੰਬੰਧੀ ਭਾਵਪੂਰਤ ਤੇ ਖੋਜ-

ਆਧਾਰਤ ਪੁਸਤਕਾਂ ਲਿਖ ਚੁੱਕਾ ਹੈ।ਰਵਿੰਦਰ ਰਵੀ ਦੀ ਲਿਖਣ-ਨਿਰੰਤਰਤਾ, ਪ੍ਰਯੋਗਸ਼ੀਲ ਸੁਰ, ਰੂਪਕ ਤੇ

ਵਿਸ਼ੈਗਤ ਵਿਲੱਖਣਤਾ ਨੂੰ ਪੰਜਾਬੀ ਸਾਹਿਤ-ਪਰੰਪਰਾ ਦੇ ਵਗਦੇ ਪ੍ਰਵਾਹ ਵਿਚ ਸਮਝਣ ਲਈ,

“ਐਟਸੈਟਰਾ” ਦੀਆਂ ਇਹ ਚਾਰ-ਲੜੀ ਪੁਸਤਕਾਂ ਦਾ ਅਧਿਐਨ ਕਰਨਾ ਲਾਜ਼ਮੀ ਹੈ।ਰਵਿੰਦਰ ਰਵੀ ਨੂੰ

ਪ੍ਰਯੋਗਸ਼ੀਲ ਲਹਿਰ ਵਿਚ ਜੋ ਵਿਅਕਤੀਗਤ ਵਿਲੱਖਣਤਾ ਪ੍ਰਾਪਤ ਹੂੰਦੀ ਹੈ, ਉਹ ਮਹਿਜ਼ ਪ੍ਰਯੋਗ ਲਈ

ਪ੍ਰਯੋਗ ਦੇ ਵਿਰੋਧ ਵਿਚ ਹੈ। ਇਸ ਸੰਬੰਧੀ ਗਹਿਰਾਈ ਨਾਲ ਜਾਨਣ ਲਈ “ਅਟਸੈਟਰਾ” ਪੁਸਤਕਾਂ ਕਾਫੀ

ਮਦਦਗਾਰ ਹੋ ਸਕਦੀਆਂ ਹਨ। ਲੇਖਕ ਦੀ ਸਾਹਿਤਕ ਸ਼ਖਸੀਅਤ ਦੇ ਅਨੇਕਾਂ ਪਾਸਾਰ “ਐਟਸੈਟਰਾ-੪”

ਵਿੱਚੋਂ ਵੀ ਉੱਭਰਦੇ ਹਨ। ਇਹ ਪੁਸਤਕਾਂ ਲੇਖਕ ਦੇ ਆਵਾਸੀ-ਪਰਵਾਸੀ ਅਨੁਭਵਾਂ, ਪ੍ਰੇਰਨਾ-

ਸ੍ਰੋਤਾਂ, ਰਚਨਾਵੀ ਅਮਲਾਂ ਸਮੇਤ ਉਸਦੀਆਂ ਸਾਹਿਤਕ ਵੰਨਗੀਆਂ ਦੇ ਵਸਤੂਗਤ ਅਤੇ ਵਿਧਾਗਤ

ਪਹਿਲੂਆਂ ਨੂੰ ਨਵੇਂ ਕੋਣਾਂ ਤੋਂ ਪੇਸ਼ ਕਰਨ ਦੇ ਸਮਰੱਥ ਹਨ।

ਹੱਥਲੀ ਪੁਸਤਕ ਦੇ ਪਹਿਲੇ ਭਾਗ ਵਿਚ ਰਵਿੰਦਰ ਰਵੀ ਨਾਲ ਜਿਹਨਾਂ ਵੱਖ ਵੱਖ ਸਾਹਿਤਕਾਰਾਂ ਵਲੋਂ

ਕੀਤੀਆਂ ਮੁਲਾਕਾਤਾਂ ਦਰਜ ਹਨ, ਉਹਨਾਂ ਵਿਚ ਅਮਰਜੀਤ ਕੌਂਕੇ, ਦਰਸ਼ਨ ਦਰਵੇਸ਼, ਮਨਮੀਤ ਕੌਰ,

ਗੁਰਮੀਤ ਬਰਾੜ, ਰਾਮ ਸਰੂਪ ਅਣਖੀ ਤੇ ਹਰਭਜਨ ਹਲਵਾਰਵੀ ਜ਼ਿਕਰਯੋਗ ਹਨ। ਇਹ ਮੁਲਾਕਾਤਾਂ ਲੇਖਕ ਦੇ

ਰਚਨਾਵੀ ਸੰਸਾਰ ਦੇ ਲੁਕਵੇਂ ਤੇ ਦਿਸਦੇ ਪਾਸਾਰਾਂ ਨੂੰ ਸੰਗਠਤ ਰੂਪ ਵਿਚ ਪੇਸ਼ ਕਰਨ ਦਾ ਠੋਸ

ਉਪਰਾਲਾ ਹਨ। ਮੁਲਾਕਾਤਾਂ ਦੇ ਅਨੇਕਾਂ ਪ੍ਰਸ਼ਨ ਮੁਲਾਕਾਤ-ਵਿਧਾ ਦੇ ਪਰੰਪਰਕ ਰੂਪ-ਵਿਧਾਨ

ਤੋਂ ਵੀ ਮੁਕਤ ਹਨ ਅਤੇ ਸਿੱਧੇ ਰੂਪ ਵਿਚ ਲੇਖਕ ਦੇ ਰਚਨਾਮੁਖੀ ਸਰੋਕਾਰਾਂ ਨੂੰ ਮੁਖਾਤਬ ਹਨ।

ਪੁਸਤਕ ਦਾ ਦੂਜਾ ਹਿੱਸਾ ਵੀ ਮਹੱਤਵਪੂਰਨ ਹੈ।ਇਸ ਵਿਚ ਰਵਿੰਦਰ ਰਵੀ ਵੱਲੋਂ ਬਰਜਿੰਦਰ ਸਿੰਘ

ਹਮਦਰਦ, ਉਸਤਾਦ ਦਾਮਨ, ਮਹਿੰਦਰ ਸਿੰਘ ਰੰਧਾਵਾ, ਸੁਖਪਾਲਵੀਰ ਸਿੰਘ ਹਸਰਤ, ਮਹਿਰਮ ਯਾਰ,

ਸੋਹਨ ਕਾਦਰੀ, ਅਜਾਇਬ ਕਮਲ, ਜਗਤਾਰ, ਸਤੀ ਕੁਮਾਰ, ਸੁਤਿੰਦਰ ਸਿੰਘ ਨੂਰ ਅਤੇ ਸਰਬੰਸ ਵਰਗੇ

ਸਮਕਾਲੀ ਲੇਖਕਾਂ ਦੇ ਸ਼ਬਦ-ਚਿਤਰ ਸ਼ਾਮਿਲ ਹਨ।ਰਵੀ ਇਹਨਾਂ ਸ਼ਬਦ-ਚਿਤਰਾਂ ਵਿਚ ਸੰਬੰਧਤ ਲੇਖਕਾਂ ਦੀ

ਸ਼ਖਸੀਅਤ, ਵਿਚਾਰਧਾਰਾ, ਸਾਹਿਤ-ਸ਼ੈਲੀ ਦੇ ਨਾਲ ਨਾਲ ਉਹਨਾਂ ਦੀਆਂ ਪੁਸਤਕਾਂ ਸੰਬੰਧੀ

ਸਮੀਖਿਆ ਵੀ ਦਰਜ ਕਰਦਾ ਹੈ! ਅਗਲੇ ਭਾਗ ਵਿਚ ਕੁਝ ਵਿੱਦਵਾਨਾ ਦੇ ਉਹ ਸੰਖੇਪ ਰੀਵਿਊ,

ਆਲੋਚਨਾਤਮਕ ਤੇ ਖੋਜਪਰਕ ਲੇਖ ਸ਼ਾਮਲ ਹਨ ਜਿਹੜੇ ਸਮੇਂ ਸਮੇਂ ‘ਤੇ ਲੇਖਕ ਦੀਆਂ ਛਪੀਆਂ

ਪੁਸਤਕਾਂ ਦੇ ਫੌਰੀ ਪ੍ਰਤੀਕਰਮ ਵਜੋਂ ਰਚੇ ਜਾਪਦੇ ਹਨ।”ਅੰਤਿਕਾ” ਭਾਗ ਵਿਚ ਰਵਿੰਦਰ ਰਵੀ ਦੇ

ਸਾਹਿਤ-ਸੰਸਾਰ ਸੰਬੰਧੀ ਯੂਨੀਵਰਸਿਟੀ ਪੱਧਰ ‘ਤੇ ਹੋਇਆ ਡਿਗਰੀ ਮੂਲਕ ਖੋਜ-ਕਾਰਜ ਸੰਖਿਪਤ ਰੂਪ

ਵਿਚ ਪੇਸ਼ ਹੋਇਆ ਹੈ।

ਇਹ ਪੁਸਤਕ ਆਪਣੇ ਵਿਸ਼ੇਸ਼ ਜਲੌਅ ਕਾਰਨ ਸਾਹਿਤ-ਇਤਿਹਾਸਕਾਰੀ ਨਾਲ ਜੁੜੇ ਤੱਥਾਂ ਦੀ ਪੇਸ਼ਕਾਰੀ

ਵਿਚ ਵੀ ਸਹਾਇਕ ਹੋਣ ਦੇ ਸਮਰੱਥ ਹੈ।ਪ੍ਰਯੋਗਸ਼ੀਲ ਲਹਿਰ ਨਾਲ ਜੁੜੀਆਂ ਸਾਹਿਤਕ ਮਿੱਥਾਂ ਨੂੰ ਪੁਣ

ਕੇ ਅਜਿਹੇ ਸਾਹਿਤਕ ਤੱਥ ਪੁਸਤਕ ਦੇ ਪਹਿਲੇ ੧੮੮ ਸਫਿਆਂ ਵਿੱਚੋਂ ਲੱਭੇ ਜਾ ਸਕਦੇ ਹਨ ਜਿਹੜੇ ਇਸ

ਲਹਿਰ ਨਾਲ ਇਨਸਾਫ ਕਰਨ ਵਿਚ ਮਦਦਗਾਰ ਹੋ ਸਕਦੇ ਹਨ।

– ਜੇ.ਬੀ. ਸੇਖੋਂ –

“ਸਿਰਜਣਾ-੧੬੫”, ਚੰਡੀਗੜ੍ਹ, ਭਾਰਤ ************ ਜੁਲਾਈ – ਸਤੰਬਰ, 2012 – ਪੰਨਾਂ 79-81

“ਆਰਸੀ”(www.punjabiaarsi.blogspot.in) ਵੈਬਸਾਈਟ ਉੱਤੇ ਸਤੰਬਰ, 2012 ਨੂੰ

ਪੋਸਟਡ

Leave a Reply

Your email address will not be published. Required fields are marked *