ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਪੰਨੇਂ: ੧੮੪, ਮੁੱਲ: ੨੪੦ ਰੁਪਏ – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਦਿੱਲੀ – ਪ੍ਰਕਾਸ਼ਨ-ਵਰ੍ਹਾ: ੨੦੧੦ – ਨਿਰੰਜਨ ਬੋਹਾ – ਰਵਿੰਦਰ ਰਵੀ ਨਾ ਕੇਵਲ ਪੰਜਾਬੀ ਪ੍ਰਯੋਗਵਾਦੀ ਕਾਵਿ-ਖੇਤਰ ਦਾ ਮੋਢੀ ਕਵੀ ਹੈ, ਸਗੋਂ ਉਸ ਨੇ ਪੰਜਾਬੀ ਕਾਵਿ-ਨਾਟਕ ਦੇ ਖੇਤਰ ਵਿਚ ਵੀ ਕਈ ਨਵੇਂ ਤੇ ਨਿਵੇਕਲੇ ਪ੍ਰਯੋਗ ਕਰ ਕੇ , ਉਸ ਨੂੰ ਵਿਸ਼ਵ ਪੱਧਰ ‘ਤੇ ਪੈਦਾ ਹੋਣ ਵਾਲੀਆਂ ਆਧੁਨਿਕ ਸਾਹਿਤਿਕ ਪਰਵਿਰਤੀਆਂ ਦਾ ਹਾਣੀ ਬਣਾਇਆ ਹੈ! ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਹੇ ਇਸ ਲੇਖਕ ਨੇ ਪੱਛਮੀਂ ਮੁਲਕਾਂ ਦੇ ਰੰਗ- ਮੰਚ ਦੀ ਅਤਿ ਵਿਕਸਿਤ ਤਕਨੀਕੀ ਮੁਹਾਰਤ ਨੂੰ ਵਰਤੋਂ ਵਿਚ ਲਿਆ ਕੇ, ਪੰਜਾਬੀ ਰੰਗ-ਮੰਚ ਦੀ ਪੇਸ਼ਕਾਰ ਸਮਰੱਥਾ ਵਿਚ ਅਥਾਹ ਵਾਧਾ ਕੀਤਾ ਹੈ! “ਚੱਕ੍ਰਵਯੂਹ ਤੇ ਪਿਰਾਮਿਡ” ਉਸ ਦਾ ਬਾਰ੍ਹਵਾਂ ਕਾਵਿ-ਨਾਟਕ ਹੈ, ਜੋ ਕੰਪਿਊਟਰੀ ਯੁਕਤਾਂ, ਪ੍ਰਗੀਤਕ ਸ਼ੈਲੀ, ਨ੍ਰਿਤ ਤੇ ਸੰਗੀਤ ਦੇ ਸੁੰਦਰ ਸੁਮੇਲ ਰਾਹੀਂ ਆਪਣੀ ਵੱਖਰੀ ਕਲਾਤਮਿਕ ਪਹਿਚਾਣ ਸਥਾਪਤ ਕਰਦਾ ਹੈ! ਇਹ ਨਾਟਕ ਸਥਾਨਕਤਾ ਦੀਆਂ ਹੱਦਬੰਦੀਆਂ ਤੋੜ ਕੇ ਆਧੁਨਿਕ ਵਿਸ਼ਵੀ
ਮਨੁੱਖ ਦੀ ਹੋਂਦ ਨਾਲ ਜੁੜੇ ਭਵਿੱਖ, ਭੁਤ ਤੇ ਵਰਤਮਾਨ-ਰੂਪੀ ਤ੍ਰੈਕਾਲਕ ਪਾਸਾਰਾਂ ਨੂੰ ਯਥਾਰਥਕ ਰੂਪ ਵਿਚ ਪ੍ਰਤੀਬਿੰਬਤ ਕਰਦਾ ਹੈ! ਨਾਟਕ ਪ੍ਰਾਚੀਨ ਮਿਸਰੀ ਸੱਭਿਅਤਾ ਨੂੰ ਉਜਾਗਰ ਕਰਦੇ ਪਿਰਾਮਿਡਾਂ, ਮੰਮੀਆਂ ਤੇ ਕੰਧ-ਚਿਤਰਾਂ ਨੂੰ ਪ੍ਰਤੀਕ ਵਜੋਂ ਵਰਤਕੇ, ਆਧੁਨਿਕ ਮਨੁੱਖ ਦੀ ਵਿਨਾਸ਼ਕ ਹੋਣੀ ਬਾਰੇ ਕਈ ਭਵਿੱਖ-ਮੁਖੀ ਸੰਕੇਤ ਕਰਦਾ ਹੈ! ਲੇਖਕ ਅਨੁਸਾਰ ਹਰ ਸੱਭਿਅਤਾ ਦੇ ਅੰਤਰਮੁਖੀ ਤੇ ਬਾਹਰਮੁਖੀ ਟੱਕਰਾਅ ਹੀ ਉਸ ਦੇ ਅੰਤ ਨੂੰ ਨਿਸ਼ਚਿਤ ਕਰਦੇ ਹਨ! ਮਿਸਰੀ ਸੱਭਿਅਤਾ ਵਾਂਗ ਟੱਕਰਾਵਾਂ ਦੇ ਦੌਰ ਵਿੱਚੋਂ ਲੰਘ ਰਹੀ ਆਧੁਨਿਕ ਯੁੱਗ ਦੀ ਸੱਭਿਅਤਾ ਦਾ ਅੰਤ ਵੀ ਹੁਣ ਨੇੜੇ ਹੈ! ਨਾਟਕ ਦੀਆਂ ਨੌਂ ਝਾਕੀਆਂ ਅੱਜ ਦੇ ਮਨੁੱਖ ਨੂੰ ਚੱਕ੍ਰਵਿਯੂਹ ਵਿਚ ਉਲਝਾਉਣ ਤੇ ਇਸ ਦੇ ਵਿਨਾਸ਼ ਨੂੰ ਯਕੀਨੀ ਬਨਾਉਣ ਵਾਲੀਆਂ ਕਈ ਗਲੋਬਲੀ ਸਮੱਸਿਆਵਾਂ ਦਾ ਖੁਲਾਸਾ ਕਰਦੀਆਂ ਹਨ!
ਨਾਟਕ ਰਾਹੀਂ ਵਿਸ਼ਵ ਪੱਧਰ ‘ਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਤੇ ਵਿਅਕਤੀਵਾਦ ਨੂੰ ਉਤਸ਼ਾਹਤ ਕਰ ਰਹੀ ਮਹਾਂਨਗਰੀ ਚੇਤਨਾਂ, ਟੈਸਟ ਟਿਊਬਾਂ ਰਾਹੀਂ ਅੋਲਾਦ ਪੈਦਾ ਕਰਨ ਦੇ ਗ਼ੇਰ-ਕੁਦਰਤੀ ਰੁਝਾਣ, ਦੇਹ-ਵਿਲਾਸੀ ਭੋਗ ਸੱਭਿਆਚਾਰ, ਵਧ ਰਹੇ ਨਸ਼ੇ, ਹਿੰਸਾ, ਤਬਾਹੀ, ਭ੍ਰਿਸ਼ਟ ਹੋ ਚੁੱਕੀ ਸਿਆਸਤ ਅਤੇ ਵਿਸ਼ਵੀ ਇਜਾਰੇਦਾਰੀ ਕਾਰਨ ਪੈਦਾ ਹੋ ਰਹੀ ਬੇਕਾਰੀ, ਬੇਰੁਜ਼ਗਾਰੀ ਤੇ ਭੁੱਖਮਰੀ ਦੀ ਸਮੱਸਿਆ ਬਾਰੇ ਵਿਸਥਾਰਤ ਚਰਚਾ ਕਰ ਕੇ, ਇਹ ਨਾਟਕ, ਸਮਾਜਕ ਵਿਕਾਸ ਦੇ ਵਿਸ਼ਵੀ ਮਾਡਲ ਤੇ ਮੰਡੀ ਕਲਚਰ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ! ਪੁਸਤਕ ਦੀ ਆਖਿਰੀ ਤੇ ਦਸਵੀਂ ਝਾਕੀ ਮੋਹ, ਮੁਹੱਬਤ ਤੇ ਪਿਆਰ ਦੀਆਂ ਭਾਵਨਾਵਾਂ ਰਾਹੀਂ, ਸਮਾਜਕ ਵਿਵਸਥਾ ਦੇ ਮਨੁੱਖਤਾਵਾਦੀ ਤਰਜ਼ ਦੇ ਪੁਨਰ-ਉਸਾਰ ਦੀ ਚੇਤਨਾਂ ਪੈਦਾ ਕਰਦੀ ਹੈ! ਇਹ ਨਾਟਕ ਪੂਰੀ ਤਰ੍ਹਾਂ ਮਹਾਂ-ਕਾਵਿਕੀ ਗੁਣਾਂ ਦਾ ਧਾਰਨੀ ਹੈ! ਭਾਵੇਂ ਕੰਪਿਊਟਰੀ ਯੁਕਤਾਂ, ਪ੍ਰਾਜੈਕਟਰ ਸਲਾਈਡਾਂ, ਵੀਡੀਓ ਤੇ ਟੀ.ਵੀ. ਸੁਵਿਧਾਵਾਂ ਇਸ ਦੀ ਪੇਸ਼ਕਾਰੀ ਦੀ ਮੁੱਢਲੀ ਲੋੜ ਹਨ, ਪਰ ਲੇਖਕ ਨੇ ਪੰਜਾਬੀ ਥੀਏਟਰ ਦੀਆਂ ਸੀਮਾਵਾਂ ਤੇ ਸਮਰੱਥਾਵਾਂ ਨੂੰ ਧਿਆਨ ਵਿਚ ਰੱਖਕੇ ਇਸ ਦੇ ਪ੍ਰਸਤੁਤੀਕਰਨ ਵਿਚ ਕੁਝ ਲਚਕ ਵੀ ਰੱਖੀ ਹੈ! ਨਾਟਕ ਵਿਚ ਦਰਪੇਸ਼ ਘਟਨਾਕ੍ਰਮ ਦੇ ਇਤਿਹਾਸਿਕ ਪਿਛੋਕੜ ਨੂੰ ਸੂਤਰਧਾਰ ਦੇ ਬੋਲਾਂ ਰਾਹੀਂ ਵੀ ਉਜਾਗਰ ਕੀਤਾ ਜਾ ਸਕਦਾ ਹੈ! ਇਸ ਨਾਟਕ ਦੇ ਪਾਤਰਾਂ ਦੀ ਵੇਸ ਭੂਸ਼ਾ ਵੀ ਵੱਖ ਵੱਖ ਦੇਸ਼ਾਂ ਦੀਆਂ ਸਥਿਤੀਆਂ ਤੇ ਸੁਵਿਧਾਵਾਂ ਅਨੁਸਾਰ ਤਬਦੀਲ ਕੀਤੀ ਜਾ ਸਕਦੀ ਹੈ! ਉਮੀਦ ਹੈ ਕਿ ਪੰਜਾਬੀ ਰੰਗ-ਮੰਚ ਦੇ ਉੱਦਮੀਂ ਨਿਰਦੇਸ਼ਕ ਇਸ ਬਹੁ-
ਪ੍ਰਯੋਗੀ ਨਾਟਕ ਨੂੰ ਮੰਚਿਤ ਕਰਨ ਦੀ ਚੁਣੌਤੀ ਨੂੰ ਜ਼ਰੂਰ ਸਵੀਕਾਰ ਕਰਨਗੇ!ਪੁਸਤਕ ਵਿਚ ਰਵੀ ਦੇ ਹੋਰ ਕਾਵਿ-ਨਾਟਕਾਂ: “ਬੀਮਾਰ ਸਦੀ”, “ਚੌਕ ਨਾਟਕ”, “ਰੂਹ ਪੰਜਾਬ ਦੀ”, “ਸਿਫਰ ਨਾਟਕ”, “ਮਨ ਦੇ ਹਾਣੀ”, “ਮਖੌਟੇ ਤੇ ਹਾਦਸੇ”, “ਮੱਕੜੀ ਨਾਟਕ” ਆਦਿ ਦੀ ਵੱਖ, ਵੱਖ ਥਾਵਾਂ ‘ਤੇ ਹੋਈ ਪੇਸ਼ਕਾਰੀ ਦੀ ਰਿਪੋਰਟਿੰਗ ਤਸਵੀਰਾਂ ਸਮੇਤ ਪੇਸ਼ ਕੀਤੀ ਗਈ ਹੈ!
ਨਵੀਂ ਪੀੜ੍ਹੀ ਦੇ ਪਾਠਕ ਰਵਿੰਦਰ ਰਵੀ ਦੇ ਰਚਨਾ ਸੰਸਾਰ, ਉਸ ‘ਤੇ ਹੋਏ ਆਲੋਚਨਾਤਮਕ ਕਾਰਜ ਅਤੇ ਪ੍ਰਾਪਤ ਇਨਾਮਾਂ ਸਨਮਾਨਾਂ ਬਾਰੇ ਵਿਸਥਾਰਤ ਜਾਣਕਾਰੀ ਪੜ੍ਹ ਕੇ ਉਸ ਦੀ ਬਹੁ-ਪੱਖੀ, ਬਹੁ-ਅਰਥੀ ਤੇ ਬਹੁ-ਪਾਸਾਰੀ ਮਿਕਨਾਤੀਸੀ ਸਾਹਿਤਿਕ ਸ਼ਖਸੀਅਤ ਬਾਰੇ ਬਹੁਤ ਕੁਝ ਜਾਣ ਸਕਦੇ ਹਨ!ਕੁਲ ਮਿਲਾ ਕੇ ਇਹ ਪੁਸਤਕ ਕਾਵਿ-ਨਾਟਕ ਖੇਤਰ ਦੀ ਇੱਕ ਮੁੱਲਵਾਨ
ਪ੍ਰਾਪਤੀ ਹੈ!- ਨਿਰੰਜਨ ਬੋਹਾ –
“ਨਵਾਂ ਜ਼ਮਾਨਾ”, ਜਲੰਧਰ, ਭਾਰਤ, ਦੇ ੨੫ ਅਪ੍ਰੈਲ, ੨੦੧੦ ਅੰਕ ਵਿਚ ਪ੍ਰਕਾਸ਼ਤ –
ਇੰਡੋ-ਕਨੇਡੀਅਨ ਟਾਇਮਜ਼, ਸਰੀ, ਬੀ.ਸੀ., ਕੈਨੇਡਾ, ਦੇ ਜੁਲਾਈ ੧੫-੨੧, ੨੦੧੦ ਅੰਕ ਵਿਚ “ਸਿਰਜਨਾ”(ਾ.ਸਰਿਜਨa.ਬਲੋਗਸਪੋਟ.ਚੋਮ), “ਪੰਜਾਬੀ ਮਾਂ”(ਾ.ਪੁਨਜaਬਮਿaa.ਚੋਮ) ਤੇ “ਪੰਜਾਬੀ ਸੱਥ”(ਾ.੫aਬ.ਿਚੋਮ) ਵੈਬ ਮੈਗਜ਼ੀਨਾਂ ਦੇ ਅਗਸਤ, ੨੦੧੦ ਅੰਕਾਂ ਵਿਚ ਪ੍ਰਕਾਸ਼ਤ “ਪੰਜਾਬੀ ਆਲੋਚਨਾ”(ਾ.ਪੁਨਜaਬaਿਲੋਚਹਨa.ਚੋਮ) ਵੈਬਸਾਈਟ ਉੱਤੇ ਜੁਲਾਈ, ੨੦੧੦ ਨੂੰ ਪ੍ਰਕਾਸ਼ਤ ਪੋਸਟਡ