ਰਵਿੰਦਰ ਰਵੀ
ਚਿੜੀ ਵਰਗੀ ਕੁੜੀ
ਚਿੜੀ ਵਰਗੀ ਇਕ ਕੁੜੀ,
ਮੇਰੀ ਜ਼ਿੰਦਗੀ ‘ਚ ਮੈਨੂੰ
ਬਹੁਤ ਪਛੜਕੇ ਮਿਲੀ।
ਉਸ ਅੰਦਰ ਅਥਾਹ ਊਰਜਾ ਸੀ –
ਕਦੇ ਏਸ ਡਾਲੀ, ਕਦੇ ਓਸ ਫੁੱਲ,
ਕਦੇ ਏਸ ਰੁੱਖ, ਕਦੇ ਓਸ ਮਮਟੀ,
…..ਨਿਰਛਲ………ਨਿਰ-ਵਲ…..
ਉਸ ਲਈ ਇਹ ਮਾਹੌਲ ਤੰਗ ਸੀ।
ਉਹ ਇਕ ਅਪਰਿਭਾਸ਼ਤ੧. ਉਮੰਗ ਸੀ।
ਉਸਦੀ ਨਜ਼ਰ ਸੌਂਹੇਂ,
ਅਸਮਾਨ ਸੌੜਾ ਸੀ।
ਉਸ ਕੋਲ ਵਿਹਲ ਬਹੁਤ,
ਮੇਰੇ ਕੋਲ ਸਮਾਂ ਥੋੜ੍ਹਾ ਸੀ।
ਉਸਦੀਆਂ ਸੱਤ-ਰੰਗੀਆਂ ਦੇ ਰੰਗ,
ਆਪਸ ਵਿਚ ਘੁਲਕੇ,
ਅਨੇਕ ਰੰਗਾਂ ਦੀ……………………..
………………….ਓੜ੍ਹਨੀ ਬਣ ਗਏ ਸਨ।
ਉਹ ਆਰ ਤੋਂ ਦਿਸਦਾ ਪਾਰ
ਤੇ ਪਾਰ ਤੋਂ ਅਗਾਂਹ ਵੱਸਦਾ,
ਪਿਆਰ ਸੀ।
ਉਸਦੀ ਮੁਸਕਰਾਹਟ ਵਿਚ,
ਚੁੱਪ ਦੀ ਭਾਸ਼ਾ ਦਾ ਵਾਸ ਸੀ।
ਏਨਿਆਂ ਅਰਥਾਂ ਦੀ ਸਾਕਾਰ ਮੂਰਤ,
ਉਹ ਕੁੜੀ ਕਿਉਂ ਉਦਾਸ ਸੀ???
ਏਸ ਉਮਰੇ ਜਦੋਂ ਮੇਰੇ ਸਭ ਰੰਗ,
ਇਕ ਦੂਜੇ ਵਿਚ ਡੁੱਲ੍ਹਕੇ,
ਕਾਲੇ ਰੰਗ ਵਿਚ ਬਦਲ ਰਹੇ ਹਨ –
ਮੇਰੇ ਅੰਦਰਲੇ ਸੂਰਜ ਦੇ ਨਾਲ ਹੀ,
ਮੇਰੇ ਸਭ ਅਸਮਾਨ ਢਲ ਰਹੇ ਹਨ
ਤੇ ਮੇਰਾ ਅਕਸ,
……..ਫਿਰ ਕਦੇ ਨਾ ਪਰਤਣ ਲਈ,
ਆਪਣੇ ਬੁੱਤ ਵਿਚ ਸਿਮਟ,
ਸ਼ੀਸ਼ੇ ਵਿਚ ਸਮਾ ਰਿਹਾ ਹੈ…………………….
…..ਤਾਂ ਮੈਂ…………………………………………….
……………………………………….;;;ਚਿੜੀ ਵਰਗੀ,
ਛਿਣ, ਛਿਣ ਕਰ ਕੇ…….
ਉਸ ਕੁੜੀ ਵਲ ਵੇਖਦਾ ਹਾਂ:
ਜ਼ਿੰਦਗੀ ਤੋਂ ਵੱਡੇ,
ਜ਼ਿੰਦਗੀ ਦੇ ਅਰਥ ਨਿਹਾਰਦਾਂ!!!
ਉੱਚੀਆਂ ਸੋਚਾਂ ‘ਚ ਡੁੱਬਿਆ,
ਲੋਚਦਾ ਹਾਂ:
ਨੀ ਚਿੜੀਏ! ਨੀ ਕੁੜੀਏ!
ਤੇਰੀ ਵੇਵ-ਲੈਂਗਥ੨. ਜੇਡਾ ਪਿਆਰ ਮਿਲੇ,
ਤੇਰੇ ਹਾਣ ਦੀ ਗੁਲਜ਼ਾਰ ਖਿਲੇ!!!
ਇਹ ਮਨ ਦੇ ਹਾਣੀਆਂ੩. ਦੀ ਰੁੱਤ ਹੈ!
ਤੇਰੀ ਊਰਜਾ ਨੂੰ,
ਤੇਰੇ ਰੰਗਾਂ ਵਿਚ,
ਤੈਨੂੰ ਏਸ ਰੁੱਤ ਦਾ,
ਹਰ ਸੰਭਵ ਸਰੋਕਾਰ ਮਿਲੇ!
ਏਥੇ ਕਿਤੇ ਹੀ ਤੇਰਾ ਅੰਬਰ ਹੈ –
ਹਰ ਪਿੰਜਰੇ ਤੋਂ ਮੁਨਕਰ –
ਤੇਰੇ ਖੰਭ ਹਨ,
ਖੰਭਾਂ ‘ਚ ਰੰਗ ਹਨ,
ਰੰਗਾਂ ‘ਚ ਆਕਾਸ਼ ਹੈ, ਉਡਾਣ ਹੈ!!!
ਅਲਵਿਦਾ!
ਇਨ੍ਹਾਂ ਰੰਗਾਂ, ਸੁਗੰਧਾਂ ਤੇ ਅੰਬਰਾਂ ਨੂੰ,
ਜਿੱਥੋਂ ਤਕ ਨਜ਼ਰ ਜਾਂਦੀ ਹੈ, ਤੂੰ,
ਦੁਮੇਲ ਦੀ ਹਕੀਕਤ ਬਣੀ ਰਹੇਂ!!!
ਪਲਕਾਂ ‘ਚ ਸਮੇਟ –
ਹਰ ਪਿਆਰ ਕਰਨ ਵਾਲੇ ਲਈ,
ਚਿੜੀ ਵਰਗੀ ਇਕ ਕੁੜੀ,
ਮੇਰੀ ਜ਼ਿੰਦਗੀ ‘ਚ ਮੈਨੂੰ
ਬਹੁਤ ਪਛੜਕੇ ਮਿਲੀ!!!
1. ApirBwSq – ijsdI koeI pirBwSw nw hovy(Undefined)
2. vyv-lYNgQ: Wave-length ——————————— 3. mn dy hwxI: Mind-mates