Ik Suraj Hor

ਰਵਿੰਦਰ ਰਵੀ

ਇਕ ਸੂਰਜ ਹੋਰ

ਮੈਂ ਫੇਰ ਆਪਣੇ ਆਪ ਉੱਤੇ,

ਗਰਜ ਰਿਹਾ ਹਾਂ।

ਮੈਂ ਫੇਰ ਭਾਸ਼ਾ

ਸਿਰਜ ਰਿਹਾ ਹਾਂ।

ਮੇਰੇ *੧.”ਵੈਬਸਾਈਟ” ਹੀ,

ਮੇਰੀ ਅਮਰਤਾ ਦੇ ਨਿਸ਼ਾਨ ਹਨੱ।

*੨.”ਸਾਈਬਰਸਪੇਸ” ਵਿਚ,

ਮੇਰੇ ਅਨੇਕਾਂ ਰੂਪ:

ਇਨਸਾਨ ਹਨ,

ਭਗਵਾਨ ਤੇ ਸ਼ੈਤਾਨ ਹਨ!

ਟੁੱਟਦੀ, ਬਣਦੀ ਧੁਨੀ,

ਖਿੰਡਦੇ, ਉੱਡਦੇ ਸੁਰ,

ਮੇਰੇ ਹੇ ਸੰਤੁਲਨ ਨੂੰ,

ਤੋੜਦਾ ਸੰਗੀਤ ਹਨ!

ਮੈਂ ੩.”ਸੁਰ” ਵਿਚ ੪.”ਅਸੁਰ”,

ਸ਼ਤਰੂ ਵਿਚ ਮੀਤ ਹਾਂ!

ਗਿਆਨ ਤੇ ਵਿਗਿਆਨ ਵਿਚ,

ਕਾਇਆਕਲਪ:

ਕਲਪਨਾ, ਮਿਥਿਹਾਸ ਦੀ ਹੀ ਰੀਤ ਹਾਂ!

੫.”ਟਵਿਟਰ” ਵਿਚ ਬਹੁਤ ਕੁਝ,

ਅਣਕਿਹਾ, ਅਲਹਿਦਾ ਹੈ।

ਹਰ ਸ਼ਬਦ ਮੌਨ,

ਹਰ ਸ਼ਬਦ ਸੁਨੇਹਾ ਹੈ।

੬.”ਫੇਸ ਬੁਕ” ਉੱਤੇ ਵੀ,

ਮੇਰਾ ਹੀ ਸ਼ੋਰ, ਝਲਕਣ

ਮੇਰੀਆਂ ਖਾਮੋਸ਼ੀਆਂ।

ਬਣੇ, ਅੱਧ-ਬਣੇ ਸ਼ਬਦ, ਅਰਥ,

ਫੂੱਲ਼ ਨੂੰ ਖੇੜੇ ਦੀਆਂ ਸਰਗੋਸ਼ੀਆਂ!

ਸ਼ੀਸ਼ੇ ਵਿਚ ਊਲ ਜਲੂਲ਼,

ਖਾਕਾ ਵੀ ਮੇਰਾ ਹੈ।

ਹਰ ਵਾਕ ਅਧੂਰਾ,

ਹਰ ਅਰਥ ਪੂਰਾ ਹੈ।

ਦਾਇਰਾ, ਰੇਖਾਵਾਂ ਵਿਚ ਟੁੱਟਦਾ ਹੈ,

ਕਦੇ ਰੇਖਾ ਬਿੰਦੂਆਂ ਵਿਚ,

ਬਿੰਦੂ ਸ਼ੂਨਯ ਵੀ ਹੈ, ਦੀਵਾ ਵੀ।

ਹਵਾ ਇਨ੍ਹਾਂ,

੭.”ਆਬਰਾ ਕਦਾਬਰਾ” ਚਿਤਰਾਂ ਨੂੰ,

ਰੁੱਤ ਵਾਂਗ, ਉਡਾ ਕੇ ਲੈ ਜਾਂਦੀ ਹੈ।

ਰੰਗਾਂ, ਫੁੱਲਾਂ ਤੇ ਮਹਿਕਾਂ ਦੇ ਕੰਨਾਂ ਵਿਚ,

ਕੁਝ ਕਹਿ ਜਾਂਦੀ ਹੈ।

ਮੈਂ ਦਰਿਅਵਾਂ ਦੀ ਬੋਲੀ ਸਮਝਦਾ ਹਾਂ,

ਮੈਨੂੰ ਸਮੁੰਦਰਾਂ ਦੇ ਅਰਥ ਆਉਂਦੇ ਹਨ।

ਪਰਬਤ, ਵਣ, ਧਰਤੀ, ਅੰਬਰ,

ਜਿਸ ਵਰਣਮਾਲਾ ਦੇ ਅੱਖਰ ਹਨ,

ਉਹ ਸ਼ਬਦਾਂ ਵਿਚ ਨਹੀਂ,

ਸੰਕੇਤਾਂ ਵਿਚ ਲਿਖੀ ਜਾਂਦੀ ਹੈ।

ਮੈਂ ਆਦਿ ਜੁਗਾਦਿ ਤੋਂ ਵਿਚਰਦਾ:

ਪਿੰਡ ਹਾਂ, ਬ੍ਰਹਮੰਡ ਹਾਂ।

ਖੰਡ, ਖੰਡ ਹਾਂ,

ਅਖੰਡ ਹਾਂ।

ਥਲ ਤੇ ਨਖਲਿਸਤਾਨ ਵੀ,

ਮੇਰੇ ਹੀ ਵਜੂਦ ਹਨ –

ਮੇਰੇ ਅੰਦਰ, ਇਕ ਦੂਜੇ ਵਿਚ

ਵੱਗਦੇ ਹਨ, ਵੱਸਦੇ ਹਨ।

ਮੇਰੇ ਬਾਗ਼ ਵਿਚ ਫੁੱਲ ਹੀ ਨਹੀਂ,

ਕੰਡੇ ਵੀ ਹੱਸਦੇ ਹਨ!

ਮੈਂ ਜ਼ਿੰਦਗੀ ਨਹੀਂ,

*੮.”ਮਹਾਂ ਜ਼ਿੰਦਗੀ” ਹਾਂ!

ਇੱਕੋ ਸਮੇਂ, ਮੈਂ

ਬਲ ਰਿਹਾ, ਸੜ ਰਿਹਾ ਤੇ

ਰੌਸ਼ਨੀ ਵੀ ਕਰ ਰਿਹਾ।

ਮੈਂ, ਇਕ ਸੂਰਜ ਹੋਰ ਹਾਂ

ਤੇ ਹੋਰ ਅੰਬਰੀਂ ਚੜ੍ਹ ਰਿਹਾ!

ਮੇਰੇ “ਵੈਬਸਾਈਟ”,

“ਸਾਈਬਰਸਪੇਸ” ਵਿਚ:

ਆਉਣ ਵਾਲਾ ਸਮਾਂ ਹੈ,

ਸਮੇਂ ਦੇ ਨਿਸ਼ਾਨ ਹਨ।

ਮੇਰੇ ਅਨੇਕਾਂ ਰੂਪ,

ਇਨਸਾਨ ਹਨ,

ਭਗਵਾਨ ਤੇ ਸ਼ੈਤਾਨ ਹਨ!!!


 

1. Website

2. Cyberspace

3. ਸੁਰ: ਦੇਵਤਾ

4. ਅਸੁਰ: ਰਾਖਸ਼ਿਸ਼

5. Twitter

6. Face Book

7. ਆਬਰਾ ਕਦਾਬਰਾ: Absurd

8. ਮਹਾਂ ਜ਼ਿੰਦਗੀ: Larger than Life

Leave a Reply

Your email address will not be published. Required fields are marked *