ਰਵਿੰਦਰ ਰਵੀ
ਮੈਂ ਕਿਸ ਨਗਰੀ ਵਿਚ ਭਟਕ ਰਿਹਾ???
– ਇਕ ਨਾਟਕੀ ਕਵਿਤਾ –
ਕਵੀ: ਮੈਂ ਕਿਸ ਨਗਰੀ ਵਿਚ ਭਟਕ ਰਿਹਾ?
ਮੈਂ ਕਿਸ ਨਗਰੀ ਵਿਚ ਭਟਕ ਟਿਹਾ??
ਇਸ ਨਗਰੀ ਰੁੱਖ ਹੈ, ਛਾਂ ਨਹੀਂ!
ਇਸ ਨਗਰੀ, ਸੜਕ ਬਿਨਾਂ ਮੰਜ਼ਲ,
ਇਕ ਗੋਰਖਧੰਦੇ ਵਿਚ ਉਲਝੀ!
ਆਵਾਜ਼-੧: ਤੂੰ ਕਿਸ ਮੰਜ਼ਲ ਦਾ ਅਭਿਲਾਸ਼ੀ?
ਤੂੰ ਕਿਹੜੀ ਛਾਂ ਦਾ ਮੁਤਲਾਸ਼ੀ?
ਕਵੀ: ਮੈਨੂੰ ਪਤਾ ਨਹੀਂ ਆਪਣੀ ਮੰਜ਼ਲ ਦਾ,
ਮੈਨੂੰ ਆਪਣੀ ਛਾਂ ਤੋਂ ਡਰ ਆਵੇ!
ਮੇਰੀ ਹੋਂਦ ਗਈ ਹੈ ਪਰਛਾਵੀਂ,
ਮੇਰੇ ਕੰਬਦੇ ਕਦਮਾਂ ਦੀ ਥਿੜਕਣ,
ਪਈ ਆਪਣੀ ਤੋਰ ਤੋਂ ਕਤਰਾਵੇ!
ਪਰ ਦੂਰ ਨਜ਼ਰ ਦੀ ਸੀਮਾਂ ‘ਤੇ,
ਕੋਈ ਅਦ੍ਰਿਸ਼ ਮੰਜ਼ਲ ਖਿੱਚ ਪਾਵੇ!
ਨਾਂ ਨਜ਼ਰ ਆਵੇ, ਨਾਂ ਕੋਲ ਆਵੇ!
ਕੋਈ ਅਜਨਬੀ ‘ਵਾਜ਼ ਪਈ ਆਵੇ!
– ਪਿਛੋਕੜ ‘ਚੋਂ, “ਅਨਾਰਕਲੀ” ਫਿਲਮ ਦੇ, ਗੀਤ ਦੇ, ਹੇਠ ਲਿਖੇ ਬੋਲ ਗੂੰਜਦੇ ਹਨ:
“ਆ ਜਾ, ਅਬ ਤੋ ਆ ਜਾ,
ਮੇਰੀ ਕਿਸਮਤ ਕੇ ਖਰੀਦਾਰ,
ਅਬ ਤੋ ਆ ਜਾ!”
ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,
ਜਾਂ ਬੰਦ ਗਲੀ ਦੀਆਂ ਸੌੜਾਂ ਵਿਚ!
ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,
ਆਪਣੇ ਹੀ ਮਨ ਦੀਆਂ ਔੜਾਂ ਵਿਚ!
ਆਵਾਜ਼-੧: ਤੂੰ ਸਘਨ ਨਗਰ ਵਿਚ ਕਿੰਜ ਕੱਲਾ?
ਕਿੰਜ ਭਰੀ ਭੀੜ ਵਿਚ ਸੱਖਣਾਂ ਤੂੰ?
ਕੋਈ ਹੀਲਾ ਕਰ, ਕੋਈ ਜੁਗਤ ਬਣਾ,
ਲੱਭ ਘਰ ਕੋਈ, ਜਾਂ ਕੋਈ ਦਰਵਾਜ਼ਾ!
ਕਵੀ: ਏਥੇ ਘਰ ਹਨ, ਪਰ ਦਰਵਾਜ਼ੇ ਨਹੀਂ!
ਏਥੇ ਚਿਹਰੇ ਹਨ, ਪਹਿਚਾਣ ਨਹੀਂ
ਤੇ ਆਵਾਜ਼ਾਂ ਵਿਚ ਮਾਣ ਨਹੀਂ –
ਵਿਸ਼ਵਾਸ ਨਹੀਂ, ਧਰਵਾਸ ਨਹੀਂ!
ਮੇਰੇ ਸਿਰ ‘ਤੇ ਮੌਤ ਦਾ ਬੋਝ ਜਿਹਾ,
ਮੈਂ ਜੀਵਨ ਦੇ ਲਈ ਜੂਝ ਰਿਹਾ!
ਮੇਰੇ ਦੁਆਲੇ ਮੇਰੀ ਕਾਰ ਵਲੀ,
ਮੈਂ ਆਪਣੀ ਹੋਂਦ ‘ਚ ਘਿਰਿਆ ਹਾਂ!
ਨਾਂ ਹਮਦਰਦੀ, ਨਾਂ ਹਮਰਾਹੀ!
ਮੈਂ ਕੱਲਾ ਹਾਂ, ਮੈਂ ਸੱਖਣਾਂ ਹਾਂ,
ਹੈ ਕੌਣ ਜੁ ਮੈਨੂੰ ਅਪਣਾਵੇ???
ਆਵਾਜ਼-੧: ਕੋਈ ਹੀਲਾ ਕਰ, ਕੋਈ ਜੁਗਤ ਬਣਾ,
ਤਕ ਸੂਰਜ ਸਿਰ ‘ਤੇ ਚਮਕ ਰਿਹਾ –
ਨਾਂ ਨਜ਼ਰ ਚੁਰਾ, ਨਾਂ ਨਜ਼ਰ ਚੁਰਾ,
ਨਾਂ ਨਜ਼ਰ ਚੁਰਾ!!!
ਕਵੀ: ਮੇਰੀ ਰਚਨਾਂ ਅੰਦਰ ਸੂਰਜ ਨਹੀਂ,
ਨਾਂ ਚਾਨਣ ‘ਤੇ ਵਿਸ਼ਵਾਸ ਕੋਈ!
ਚਾਨਣ ਵਿਚ ਸ਼ੀਸ਼ਾ ਤੱਕਾਂ, ਤਾਂ
ਮੈਂ ਆਵਾਜ਼ਾਂ ਵਿਚ ਟੁੱਟ ਜਾਵਾਂ:
ਆਵਾਜ਼-੨: ਤੂੰ ਕੱਲਾ ਕਾਰਾ ਰਾਹੀ ਹੈਂ,
ਤੂੰ ਆਪਣੀ ਆਪ ਤਬਾਹੀ ਹੈਂ!
ਆਵਾਜ਼-੩: ਤੂੰ ਕੁਹਜਾ, ਅੰਦਰੋਂ ਮਧਰਾ ਹੈਂ,
ਤੂੰ ਸੱਖਣਾਂ, ਅਪ੍ਰਮਾਣਿਕ ਹੈਂ!
ਆਵਾਜ਼-੪: ਤੇਰੇ ਸਿਰ ‘ਤੇ ਪ੍ਰੇਤ ਦਾ ਸਾਇਆ ਹੈ,
ਤੂੰ ਸਵੈ ਨੂੰ ਹੀ ਅਪਣਾਇਆ ਹੈ!
ਆਵਾਜ਼-੧: ਇਸ ਨਗਰੀ ਤੇਰਾ ਮੀਤ ਨਹੀਂ,
ਇਸ ਨਗਰੀ ਤੇਰੀ ਪ੍ਰੀਤ ਨਹੀਂ!
ਨਾਂ ਮੰਜ਼ਲ, ਨਾਂ ਕੋਈ ਰਾਹ ਤੇਰਾ……
ਜਾ ਦੂਰ ਚਲਾ ਜਾ, ਦੂਰ ਚਲਾ ਜਾ,
ਦੂਰ ਚਲਾ ਜਾ!!!
ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,
ਜਾਂ ਬੰਦ ਗਲੀ ਦੀਆਂ ਸੌੜਾਂ ਵਿਚ!
ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,
ਆਪਣੇ ਹੀ ਮਨ ਦੀਆਂ ਔੜਾਂ ਵਿਚ!
ਮੈਂ ਕਿਸ ਨਗਰੀ ਵਿਚ ਭਟਕ ਰਿਹਾ?
ਮੈਂ ਕਿਸ ਨਗਰੀ ਵਿਚ ਭਟਕ ਰਿਹਾ??
ਮੈਂ ਕਿਸ ਨਗਰੀ ਵਿਚ ਭਟਕ ਰਿਹਾ???