ਰਵਿੰਦਰ ਰਵੀ
ਦੋ ਪ੍ਰਗੀਤਕ ਕਵਿਤਾਵਾਂ
੧. ਰੁੱਤਾਂ ਦੀ ਸਾਜ਼ਸ਼
ਨਾਂ ਮੀਤ ਰਹੇ, ਨਾਂ ਗੀਤ ਰਹੇ,
ਰੁੱਤਾਂ ਵਿਚ ਸਾਜ਼ਸ਼ ਹੋਈ ਹੈ।
ਅੱਖਰਾਂ ਵਿਚ ਟੁੱਟੇ ਸ਼ਬਦ ਜਿਵੇਂ,
ਅਰਥਾਂ ‘ਚ ਬਗ਼ਾਵਤ ਹੋਈ ਹੈ।
ਇਸ ਰੁੱਤੇ ਸੂਰਜ ਨਹੀਂ ਚੜ੍ਹਦੇ।
ਇਸ ਰੁੱਤੇ ਦੀਪਕ ਨਹੀਂ ਜਗਦੇ।
ਹੁਣ ਦਿਨ ਤੇ ਰਾਤ ‘ਚ ਫਰਕ ਨਹੀਂ,
ਇਹ ਗ਼ਿੰਦਗੀ ਜਿਵੇਂ ਖੜੋਈ ਹੈ।
ਚਿੰਤਨ ਵੀ ਏਥੇ ਨਹੀਂ ਮਘਦੇ।
ਸੋਚਾਂ ਦੇ ਮੇਲੇ ਨਹੀਂ ਲੱਗਦੇ।
ਪਰਬਤ ਹੈ ਖਲਾਅ ਦਾ ਸਿਰ ਉੱਤੇ,
ਪਲਕਾਂ ‘ਚ ਕਲਪਨਾਂ ਖੋਈ ਹੈ।
ਪਿੱਛਾ ਵੀ ਤਾਂ ਅੱਗੇ ਨਹੀਂ ਆਂਦਾ।
ਅੱਗਾ ਵੀ ਅਗੇਰੇ ਨਹੀਂ ਜਾਂਦਾ।
ਇਹ ਟੱਕਰ ਹੈ ਕੋਈ ਸਮਿਆਂ ਦੀ,
ਜਿੰਦ ਟੁਕੜੇ, ਟੁਕੜੇ ਹੋਈ ਹੈ।
ਕਦੇ ਸ਼ੋਰ ਤੋਂ ਭੈ ਜਿਹਾ ਆਂਦਾ ਹੈ।
ਕਦੇ ਚੁੱਪ ਤੋਂ ਜੀ ਘਬਰਾਂਦਾ ਹੈ।
ਸੱਭਿਅਤਾ ਦੀ ਕੁਲ ਤਸਵੀਰ ਜਿਵੇਂ,
ਅੱਜ *੧.ਧੁੰਦ-ਧੂੰਏਂ ਵਿਚ ਖੋਈ ਹੈ।
ਨਾਂ ਮੀਤ ਰਹੇ, ਨਾਂ ਗੀਤ ਰਹੇ,
ਰੁੱਤਾਂ ਵਿਚ ਸਾਜ਼ਸ਼ ਹੋਈ ਹੈ।
ਅੱਖਰਾਂ ਵਿਚ ਟੁੱਟੇ ਸ਼ਬਦ ਜਿਵੇਂ,
ਅਰਥਾਂ ‘ਚ ਬਗ਼ਾਵਤ ਹੋਈ ਹੈ।
*੧.ਧੁੰਦ-ਧੂੰਆਂ(ਧੂੰਏਂ): Smog(Smoke + Fog)
੨. ਸੁੱਕੀ ਨਦੀ ਦਾ ਗੀਤ
ਏਸ ਨਦੀ ਨੇ ਸੁੱਕ ਜਾਣਾ ਹੈ,
ਸਾਗਰ ਜੇਡ ਹੈ ਇਸਦੀ ਪਿਆਸ।
ਤੁਰਦਿਆਂ, ਤੁਰਦਿਆਂ ਸੋਮੇਂ ਸੁੱਕ ਗਏ,
ਆਪੇ ਵਿਚ, ਆਪਾ ਪਰਵਾਸ।
*੧.ਵਿਸ਼ਵ-ਤਪਾਓ, ਵਗਦੀਆਂ ਲੂਆਂ,
ਖਰੀਆਂ ਬਰਫਾਂ, ਪਰਬਤ ਨੰਗੇ।
ਸੜ, ਸੁੱਕ ਝੜ ਗਏ ਵਣ ਦੇ ਕੋਲੋਂ,
ਪੰਛੀ ਅਜੇ ਵੀ ਛਾਂਵਾਂ ਮੰਗੇ।
ਅੱਖਾਂ ਦੇ ਵਿਚ ਨਜ਼ਰ ਖਿੰਡ ਗਈ,
ਧੁੰਦਲਾ, ਧੁੰਦਲਾ ਹੈ ਪ੍ਰਕਾਸ਼।
ਪਿਆਸੇ ਬੱਦਲ, ਛਿਦਰੀਆਂ ਛਾਵਾਂ,
ਛਾਤੀਆਂ ਵਿਚ, ਜਿਓਂ ਸੁੱਕੀਆਂ ਮਾਵਾਂ।
ਕਿਧਰੋਂ ਵੀ ਕਨਸੋਅ ਨਾਂ ਆਵੇ,
ਕਿਸ ਨੂੰ ਪੁੱਛਾਂ? ਕਿੱਧਰ ਜਾਂਵਾਂ?
ਨਾਂ ਧਰਤੀ, ਨਾਂ ਅੰਬਰ ਆਪਣਾਂ,
ਨਦੀ ‘ਚ, ਸੁੱਕੀ ਨਦੀ ਦਾ ਵਾਸ।
ਸੂਰਜ ਹੇਠਾਂ ਥਲ ਤਪਦਾ ਹੈ,
ਅੱਗ ਦੇ ਭਾਂਬੜ ਚਾਰ ਚੁਫੇਰੇ।
ਅੰਦਰ ਵਲ ਨੂੰ ਮੁੜੀਆਂ ਨਜ਼ਰਾਂ,
ਅੰਦਰ ਵੀ ਹਨ ਸੰਘਣੇ ‘ਨ੍ਹੇਰੇ।
ਇਸ ਰੁੱਤੇ, ਇਸ ਉਮਰੇ ਬਣਦਾ,
ਆਪੇ ਵਿਚ, ਆਪਾ ਨਿਰਵਾਸ।
ਏਸ ਨਦੀ ਨੇ ਸੁੱਕ ਜਾਣਾ ਹੈ,
ਸਾਗਰ ਜੇਡ ਹੈ ਇਸਦੀ ਪਿਆਸ।
ਤੁਰਦਿਆਂ, ਤੁਰਦਿਆਂ ਸੋਮੇਂ ਸੁੱਕ ਗਏ,
ਆਪੇ ਵਿਚ, ਆਪਾ ਪਰਵਾਸ।