ਰਵਿੰਦਰ ਰਵੀ: ਆਪਣੀ ਬੁੱਕਲ
ਸਥਿਤੀ-ਮੂਲਕ ਸਵੈ-ਚਿਤਰ
ਆਪਣੀ ਬੁੱਕਲ ਮਾਰ ਕੇ ਬਹਿ ਗਏ,
ਆਪਣੇ ਵਰਕੇ ਫੋਲੇ।
ਹੁਣ ਨਾ ਧੁੱਪ ਲੱਗੇ, ਨਾ ਪਾਲਾ,
ਮਨ ਹੁਣ ਮਨ ਦੀ ਭਾਸ਼ਾ ਬੋਲੇ।
‘ਗੁੰਮ ਸੁੰਮ ਚੁੱਪ’ ਨੂੰ ਪੀ ਚੁੱਕੇ ਹਾਂ,
‘ਸ਼ੋਰ’ ਬਥੇਰਾ ਜੀ ਚੁੱਕੇ ਹਾਂ।
ਬਾਰ, ਬਾਰ ਅਸੀਂ ਖੁੱਦ ਤੋਂ ਟੁੱਟ ਕੇ,
੧.’ਹੋਰ’ ਬਥੇਰਾ ਜੀ ਚੁੱਕੇ ਹਾਂ।
ਆਪਣੇ ਵਲ ਨੂੰ ਪਿੱਠ ਭੁਆ ਕੇ,
ਕੌਡਾਂ ਦੇ ਭਾਅ ਹੀਰੇ ਰੋਲੇ।
ਆਪੇ ਚੱਲ ਕੇ ਆ ਗਏ ਹਨ ਹੁਣ,
ਦਰਿਆਵਾਂ ਦੇ ਪਾਣੀ।
ਘਟਨਾ, ਘਟਨਾ ਜੁੜ ਕੇ ਬਣ ਗਈ,
ਸਾਗਰ ਜੇਡ ਕਹਾਣੀ।
ਕਿੱਥੋਂ ਪੜ੍ਹੇ? ਸੁਣਾਵੇ ਕਿੱਥੋਂ?
ਕਿਸ ਨੂੰ ਛੱਡੇ? ਕਿਸ ਨੂੰ ਖੋਲ੍ਹੇ?
‘ਆਦਿ’, ‘ਮੱਧ’ ਤੇ ‘ਅੰਤ’ ਵੀ ਆਪੇ,
ਆਪੇ ‘ਪੁਨਰ ਜਨਮ’ ਦਾ ਜੇਰਾ।
‘ਕੱਥ’, ‘ਮਿੱਥ’, ‘ਸੱਚ’, ‘ਕਲਪਨਾ’ ਆਪੇ,
ਸਭ ਕੁਝ ‘ਆਪ’, ‘ਅਨਾਪ’ ਹੈ ਕਿਹੜਾ?
‘ਖਲਨਾਇਕ’ ਤੇ ‘ਨਾਇਕ’ ਆਪੇ,
ਹਰ ‘ਪਾਤਰ’, ‘ਮੈਂ-ਬਾਣੀ’ ਬੋਲੇ।
‘ਪਰਬਤ’, ‘ਅੰਬਰ’, ‘ਬੱਦਲ’ ਤੇ ‘ਥਲ’,
ਇਨ੍ਹਾਂ ਉੱਤੇ ਉੱਚ-ਉਡਾਰੀ।
‘ਤਾਰੇ’, ‘ਸੂਰਜ’, ‘ਪਿੰਡ’, ‘ਬ੍ਰਹਮੰਡ’ ‘ਤੇ,
‘ਹੋਂਦ’ ਫੈਲ ਗਈ ਸਾਰੀ।
ਆਪਣੇ ‘ਆਪ’ ਤੋਂ ਭੱਜਦਾ, ਭੱਜਦਾ,
ਆ ਗਿਆ ‘ਆਪਣੇ ਕੋਲੇ’।
।।ਰਹਾਓ।।
‘ਚਿੰਤਨ-ਰੁੱਤੇ’, ਆਪਣੇ ਅੰਦਰ,
ਆਪਣਾ ਹੀ ‘ਪ੍ਰਕਾਸ਼’।
ਆਪੇ ‘ਕਰਤਾ’, ਆਪੇ ‘ਕਾਰਜ’,
ਆਪੇ ਹੀ ‘ਅਰਦਾਸ’।
ਆਪਣਾ ‘ਸਿੱਕਾ’, ‘ਰਾਜ’ ਵੀ ਆਪਣਾ,
ਆਪਣੀ ‘ਤੱਕੜੀ’, ‘ਆਪਾ’ ਤੋਲੇ।
‘ਮਹਿਕ’, ‘ਹਵਾ’ ਦੀ ਯਾਰੀ ਨੇ ਹਰ
‘ਹੱਦ’, ‘ਸਰਹੱਦ’ ਨਿਕਾਰੀ।
੨.’ਅੰਡੇ’ ਤੇ ‘ਬੀਰਜ’ ‘ਚੋਂ ਨਿਕਲੀ,
‘ਭਾਸ਼ਾ’ ਮਾਰ ਉਡਾਰੀ।
‘ਸ਼ਬਦ’ ਬਣਾਇਆ, ‘ਰੱਬ’ ਬੋਲਿਆ,
‘ਸ਼ਬਦ’ ਨੇ ‘ਯੁੱਗ’ ਫਰੋਲੇ।
ਆਪਣੀ ਬੁੱਕਲ ਮਾਰ ਕੇ ਬਹਿ ਗਏ,
ਆਪਣੇ ਵਰਕੇ ਫੋਲੇ।
ਹੁਣ ਨਾ ਧੁੱਪ ਲੱਗੇ, ਨਾ ਪਾਲਾ,
ਮਨ ਹੁਣ ਮਨ ਦੀ ਭਾਸ਼ਾ ਬੋਲੇ।
੧. ਹੋਰ: The Other – ਜੁ ‘ਸਵੈ’ ਜਾਂ ‘ਆਪ’ ਨਾਂ ਹੋਵੇ – “ਦੂਜਾ ਜਾਂ ਦੂਜੇ ਦਾ ਜਾਂ ਦੂਜੇ ਵਰਗਾ ਜੀਵਨ”।
੨. “ਅੰਡੇ ਤੇ ਬੀਰਜ ‘ਚੋਂ ਨਿਕਲੀ, ਭਾਸ਼ਾ ਮਾਰ ਉਡਾਰੀ”: Origin and development of the language
through the ‘word’, invented and created by human beings.. ‘ਸ਼ਬਦ’ ਮਾਨਵ ਦੇ ਚਿੰਤਨ ਦੀ ਘਾੜਤ
ਜਾਂ ਕਾਢ(Invention) ਹੈ। ‘ਸ਼ਬਦ’ ਨਾਲ ਜੁੜੇ ਹਰ ਸੰਕਲਪ, ਵਿਕਲਪ ਅਤੇ ‘ਅਰਥ’ ਦਾ ਕਰਤਾ ਜਾਂ ਖਾਲਕ ਵੀ
ਮਾਨਵ ਆਪ ਹੀ ਹੈ।