Apna Desh

ਰਵਿੰਦਰ ਰਵੀ

ਆਪਣਾ ਦੇਸ਼

ਆਪਣਾ ਦੇਸ਼

ਕਯਾ ਹੈ ਪਿਆਰੇ?

ਆਪਣਾ ਦੇਸ਼ ਤਾਂ ਕੇਵਲ ਮੈਂ ਹਾਂ!!!

ਬਹੁਤ ਘੁੰਮੇਂ ਫਿਰੇ ਹਾਂ –

ਤੁਰਦਾ, ਫਿਰਦਾ,

ਅੰਨ੍ਹਾਂ ਖੂਹ ਲੈ –

ਪੁੱਠੀਆਂ ਟਿੰਡਾਂ ਵਾਂਗ ਗਿੜੇ ਹਾਂ!

ਆਪਣਾਂ ਅੰਬਰ,

ਆਪਣੀ ਧਰਤੀ –

ਆਪਣੀ ਹੀ ਵੀਰਾਨ ਆਬਾਦੀ!

ਵਾਂਗ ਵਰੋਲੇ,

ਫਰਸ਼ੋਂ ਛੱਤ ਤਕ –

ਅੰਨ੍ਹੀਂ ‘ਨ੍ਹੇਰੀ ਵਾਂਗ ਚੜ੍ਹੇ ਹਾਂ!

ਆਪੇ ਘੁੰਮੇਂ,

ਆਪੇ ਡਿੱਗੇ,

ਤੀਲਾ, ਤੀਲਾ,

ਖੁੱਥਾ,

ਆਪਣਾ ਆਪ!

ਆਪਣੇ ਵਿਚ ਬੇਗਾਨੇਪਨ ਦਾ,

ਭੋਗੇ ਹਰ ਮਾਨੁੱਖ ਸੰਤਾਪ!

ਸ਼ਿਕਲੀਗਰਾਂ ਦੀ ਬਸਤੀ ਵਾਂਙੂੰ,

ਜਿੱਥੇ, ਜਿੱਥੇ ਹੋਏ ਆਬਾਦ –

ਉੱਥੇ ਆਪਣੀ ਬਰਬਾਦੀ ਦਾ,

ਆਪਣੇ ਹੱਥੀਂ ਲਿਖਿਆ ਬਾਬ!

ਆਪੇ, ਆਪਣੇ ਚੋਟ ਲਗਾਈ,

ਆਪੇ, ਆਪਣੇ ਹੰਝੂ ਕੇਰੇ –

ਆਪੇ, ਪੂੰਝੇ ਅੱਥਰੂ, ਡੁਸਕੇ,

ਆਪੇ ਹੀ, ਆਪਣਾਂ ਧਰਵਾਸ!

ਮੀਲਾਂ ਤਕ ਰੋਹੀ, ਬੀਆਬਾਨ,

ਸੂਰਜ ਦਾ ਭੱਠ, ਥਲ ਤੱਪਦਾ ਹੈ!

ਕਣ, ਕਣ ਵਿਚ, ਖੁਦ ਜਲ ਬਣ ਚਮਕੇ,

ਭਰਮ-ਜਲਾਂ ਵਿਚ, ਭਟਕੇ ਬਣ ਕੇ,

ਕੇਂਦਰੋਂ ਖੁੱਸੀ ਆਪਣੀ ਪਿਆਸ!

ਮਾਨੁੱਖ-ਮਾਰਾਂ ਦੀ ਬਸਤੀ ਵਿਚ,

ਮਾਰੀ ਨਾਂ ਪਰ, ਫਿਰ ਵੀ ਆਸ!

ਕਦੇ ਤਾਂ ਮੌਸਮ ਬਦਲੇਗਾ ਹੀ,

ਬੇਘਰਿਆਂ ਨੂੰ ਮਿਲ ਜਾਏਗਾ,

ਦੇਸ਼ ਕਦੇ, ਕਦੇ ਘਰ-ਵਾਸ!

ਦੇਸ਼ ਬੇਗਾਨਾਂ ਹੋਇਆ,

ਆਪਣਾਂ ਦੇਸ਼ ਬੇਗਾਨਾਂ ਹੋਇਆ!!!

ਪਹਿਲਾਂ ਦੇਸ਼ ਰਹਿੰਦਿਆਂ, ਇੰਞ ਸੀ,

ਹੁਣ ਪਰਦੇਸ ਰਹਿੰਦਿਆਂ, ਇੰਞ ਹੈ!!!

ਆਪਣਾਂ ਦੇਸ਼

ਕਯਾ ਹੈ ਪਿਆਰੇ???

ਆਪਣਾਂ ਦੇਸ਼ ਤਾਂ ਕੇਵਲ ਮੈਂ ਹਾਂ!!!

Leave a Reply

Your email address will not be published. Required fields are marked *